ਤਾਰਾ ਸਿੰਘ ਨੇ ਖੜ੍ਹਾ ਕੀਤਾ ਮੱਛੀ ਪਾਲਣ ਮਾਡਲ: ਖੇਤੀ ਦੀ ਥਾਂ ਹੁਣ ਪਾਣੀ ’ਚੋਂ ਕਮਾਈ

ਤਾਰਾ ਸਿੰਘ ਨੇ ਖੜ੍ਹਾ ਕੀਤਾ ਮੱਛੀ ਪਾਲਣ ਮਾਡਲ: ਖੇਤੀ ਦੀ ਥਾਂ ਹੁਣ ਪਾਣੀ ’ਚੋਂ ਕਮਾਈ

ਅੰਮ੍ਰਿਤਸਰ ਦੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਤਾਰਾ ਸਿੰਘ ਪਿਛਲੇ ਸੱਤ ਸਾਲਾਂ ਤੋਂ ਮੱਛੀ ਪਾਲਣ ਦਾ ਸਫਲ ਫਾਰਮ ਚਲਾ ਰਹੇ ਹਨ। ਉਹ ਆਪਣੇ ਇਲਾਕੇ ਦੇ ਪਹਿਲੇ ਮੱਛੀ ਪਾਲਣ ਕਰਨ ਵਾਲਿਆਂ ਵਿੱ

ਆਮਦਨ ਦਾ ਨਵਾਂ ਜ਼ਰੀਆ: ਪੰਜਾਬ ਵਿੱਚ ਆਧੁਨਿਕ ਮੱਛੀ ਪਾਲਣ ਅਤੇ PMMSY ਦਾ ਲਾਭ

ਅੰਮ੍ਰਿਤਸਰ ਦੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਤਾਰਾ ਸਿੰਘ ਪਿਛਲੇ ਸੱਤ ਸਾਲਾਂ ਤੋਂ ਮੱਛੀ ਪਾਲਣ ਦਾ ਸਫਲ ਫਾਰਮ ਚਲਾ ਰਹੇ ਹਨ। ਉਹ ਆਪਣੇ ਇਲਾਕੇ ਦੇ ਪਹਿਲੇ ਮੱਛੀ ਪਾਲਣ ਕਰਨ ਵਾਲਿਆਂ ਵਿੱਚੋਂ ਹਨ। ਰਵਾਇਤੀ ਖੇਤੀ ਤੋਂ ਘੱਟ ਮੁਨਾਫ਼ੇ ਕਾਰਨ, ਉਨ੍ਹਾਂ ਨੇ ਸਮੇਂ ਸਿਰ ਰਾਹ ਬਦਲਣ ਦਾ ਫੈਸਲਾ ਕੀਤਾ। ਅੱਜ ਮੱਛੀ ਪਾਲਣ ਉਨ੍ਹਾਂ ਲਈ ਆਮਦਨੀ ਦਾ ਚੰਗਾ ਸਰੋਤ ਅਤੇ ਅਗਾਂਹਵਧੂ ਕਿਸਾਨ ਵਜੋਂ ਪਛਾਣ ਬਣਿਆ ਹੈ।

ਸ਼ੁਰੂਆਤ ਕਿਵੇਂ ਕੀਤੀ

ਤਾਰਾ ਸਿੰਘ ਦੱਸਦੇ ਹਨ ਕਿ ਮੱਛੀ ਪਾਲਣ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਾਫ਼ੀ ਸਟੱਡੀ ਕੀਤੀ। ਇਲਾਕੇ ਦੀ ਮੰਗ ਅਤੇ ਮਾਰਕੀਟਿੰਗ ਸਹੂਲਤਾਂ ਦੀ ਸਮਝ ਪ੍ਰਾਪਤ ਕੀਤੀ। ਉਹ ਕਹਿੰਦੇ ਹਨ, “ਸਾਡੇ ਇਲਾਕੇ ਵਿੱਚ ਮੱਛੀ ਦੀ ਮੰਗ ਵਧੀਆ ਸੀ, ਇਸ ਲਈ ਮੈਂ ਸੋਚਿਆ ਕਿ ਇਹ ਕੰਮ ਲਾਭਦਾਇਕ ਹੋ ਸਕਦਾ ਹੈ।”

ਉਨ੍ਹਾਂ ਨੇ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਅਤੇ ਉੱਥੋਂ ਸਿਖਲਾਈ ਤੇ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ। ਉਹ ਮਹਿਕਮੇ ਦਾ ਧੰਨਵਾਦ ਕਰਦੇ ਹਨ ਕਿ ਸ਼ੁਰੂਆਤ ’ਚ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਮਿਲੀ।

ਨਵੇਂ ਕਿਸਾਨਾਂ ਲਈ ਵਿਭਾਗ ਵੱਲੋਂ ਘੱਟੋ-ਘੱਟ ਇੱਕ ਏਕੜ ਤਲਾਬ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਅਤੇ ਸਬਸਿਡੀ ਹਾਸਲ ਕਰਨ ਲਈ ਇਹ ਮਾਪਦੰਡ ਜਰੂਰੀ ਹੈ।

ਰੱਖ ਰਖਾਅ ਸਭ ਤੋਂ ਅਹਿਮ

ਉਨ੍ਹਾਂ ਦੇ ਅਨੁਸਾਰ, ਮੱਛੀ ਪਾਲਣ ਵਿੱਚ ਸਭ ਤੋਂ ਵੱਧ ਧਿਆਨ ਰੱਖ ਰਖਾਅ ਤੇ ਪਾਣੀ ਦੀ ਗੁਣਵੱਤਾ ’ਤੇ ਦੇਣਾ ਪੈਂਦਾ ਹੈ। ਉਹ ਕਹਿੰਦੇ ਹਨ, “ਥੋੜੀ ਵੀ ਅਣਦੇਖੀ ਮੱਛੀ ਦੇ ਮਰਨ ਦਾ ਕਾਰਨ ਬਣ ਸਕਦੀ ਹੈ। ਖੇਤਾਂ ਦਾ ਬਾਹਰਲਾ ਪਾਣੀ ਤਲਾਬ ਵਿੱਚ ਨਹੀਂ ਆਉਣਾ ਚਾਹੀਦਾ, ਖ਼ਾਸ ਕਰਕੇ ਬਾਰਿਸ਼ ਦੇ ਸਮੇਂ।”

ਉਨ੍ਹਾਂ ਕਹਿਣਾ ਹੈ ਕਿ ਮੱਛੀ ਫਾਰਮ ਲਈ ਏਰੀਏਟਰ (ਪੱਖਾ) ਸਭ ਤੋਂ ਜ਼ਰੂਰੀ ਉਪਕਰਣ ਹੈ। “ਬੱਦਲਵਾਹੀ ਵਾਲੇ ਦਿਨਾਂ ਵਿੱਚ ਜਦੋਂ ਹਵਾ ਵਿੱਚ ਹੁੰਮਸ ਵੱਧ ਜਾਂਦੀ ਹੈ, ਮੱਛੀਆਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਏਰੀਏਟਰ ਨਾਲ ਆਕਸੀਜਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਅਤੇ ਮੱਛੀਆਂ ਸੁਰੱਖਿਅਤ ਰਹਿੰਦੀਆਂ ਹਨ।”

ਪੌਗ ਦੀ ਪਟਾਈ ਅਤੇ ਸ਼ੁਰੂਆਤੀ ਧਿਆਨ

ਤਲਾਬ ਦੀ ਪਟਾਈ ਲਈ ਉਨ੍ਹਾਂ ਨੇ ਨਰੇਗਾ ਸਕੀਮ ਦੀ ਮਦਦ ਲਈ ਸੀ, ਉਨ੍ਹਾਂ ਮੁਤਾਬਕ ਸਰਕਾਰ ਵੱਲੋਂ ਸਬਸਿਡੀ ਲਈ ਇਹ ਜਰੂਰੀ ਹੈ ਅਤੇ ਇਸ ਨਾਲ ਸਥਾਨਕ ਮਜ਼ਦੂਰਾਂ ਨੂੰ ਕੰਮ ਵੀ ਮਿਲਿਆ ਅਤੇ ਤਲਾਬ ਬਿਹਤਰ ਵੀ ਬਣਿਆ। ਉਹ ਦੱਸਦੇ ਹਨ ਕਿ ਸਰਕਾਰੀ ਹਦਾਇਤਾਂ ਅਨੁਸਾਰ ਤਲਾਬ ਦੀ ਡੂੰਘਾਈ ਘੱਟੋ-ਘੱਟ ਛੇ ਫੁੱਟ ਹੋਣੀ ਚਾਹੀਦੀ ਹੈ ਅਤੇ ਬੰਨ ਮਜ਼ਬੂਤ ਹੋਵੇ ਤਾਂ ਕਈ ਸਾਲਾਂ ਤੱਕ ਕੋਈ ਸਮੱਸਿਆ ਨਹੀਂ ਆਉਂਦੀ।

ਤਾਰਾ ਸਿੰਘ ਦੱਸਦੇ ਹਨ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਮੱਛੀ ਪਾਲਣ ਲਈ ਉਚਿਤ ਹੈ। “ਮਿੱਟੀ ਨਰਮ ਹੋਣੀ ਚਾਹੀਦੀ ਹੈ, ਤਾਂ ਜੋ ਮੱਛੀ ਨੂੰ ਤੈਰਨ ਅਤੇ ਖੁਰਾਕ ਖਾਣ ਵਿੱਚ ਦਿੱਕਤ ਨਾ ਹੋਵੇ। ਰੋੜਾਂ ਜਾਂ ਸਖ਼ਤ ਮਿੱਟੀ ਵਾਲੇ ਖੇਤਰ ਮੱਛੀ ਲਈ ਹਾਨੀਕਾਰਕ ਹੁੰਦੇ ਹਨ।”

ਮੱਛੀ ਪਾਲਣ ਦਾ ਚੱਕਰ

ਉਨ੍ਹਾਂ ਦਾ ਤਲਾਬ ਲਗਭਗ ਦੋ ਏਕੜ ਵਿੱਚ ਫੈਲਿਆ ਹੈ। ਉਨ੍ਹਾਂ ਦੇ ਫਾਰਮ ’ਚ ਰਹੁੰ, ਕਤਲਾ, ਮੁਰਾਖ, ਸਿਲਵਰ ਤੇ ਗਰਾਸ ਕਿਸਮਾਂ ਦੀ ਮੱਛੀ ਪਾਲੀ ਜਾਂਦੀ ਹੈ।

ਮੱਛੀ ਪਾਲਣ ਦਾ ਸਾਲਾਨਾ ਚੱਕਰ ਅਪ੍ਰੈਲ ਵਿੱਚ ਸ਼ੁਰੂ ਹੁੰਦਾ ਹੈ। ਸਰਦੀਆਂ ਵਿੱਚ ਮੱਛੀਆਂ ਖੁਰਾਕ ਨਹੀਂ ਖਾਂਦੀਆਂ ਅਤੇ ਗਰਮੀਆਂ ਦੀ ਖੁਰਾਕ ਨਾਲ ਹੀ ਜੀਵਤ ਰਹਿੰਦੀਆਂ ਹਨ। ਹਾਲਾਂਕਿ ਇਸ ਸਮੇਂ ਦੌਰਾਨ ਮਾਰਕੀਟਿੰਗ ਦਾ ਕੰਮ ਜਾਰੀ ਰਹਿੰਦਾ ਹੈ।

ਨਰਸਰੀ ਦੀ ਅਹਿਮੀਅਤ

ਉਨ੍ਹਾਂ ਕਹਿਣਾ ਹੈ ਕਿ ਕਿਸੇ ਵੀ ਮੱਛੀ ਪਾਲਣ ਫਾਰਮ ਦੀ ਕਾਮਯਾਬੀ ਲਈ ਨਰਸਰੀ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਇਸ ਵਗੈਰ ਮੱਛੀ ਪਾਲਣ ਕਿਸਾਨ ਕਾਮਯਾਬ ਨਹੀਂ ਹੋ ਸਕਦਾ ਹੈ। ਉਹ ਦੱਸਦੇ ਹਨ, “ਇਸ ਨਾਲ ਅਸੀਂ ਨਵੀਂ ਮੱਛੀ ਦਾ ਬੱਚਾ ਪਾਲ ਸਕਦੇ ਹਾਂ ਅਤੇ ਸਰਦੀਆਂ ਦੌਰਾਨ ਸਟਾਕ ਰੱਖ ਸਕਦੇ ਹਾਂ। ਤਿੰਨ-ਚਾਰ ਮਹੀਨੇ ਬਾਅਦ ਇਸਨੂੰ ਵੱਡੇ ਤਲਾਬ ਵਿੱਚ ਸ਼ਿਫਟ ਕਰ ਸਕਦੇ ਹਾਂ।”

ਸਹਾਇਤਾ ਤੇ ਸਬਸਿਡੀ
ਨਵੇਂ ਕਿਸਾਨਾਂ ਲਈ ਉਹ ਸਲਾਹ ਦਿੰਦੇ ਹਨ ਕਿ ਸ਼ੁਰੂਆਤ ਤੋਂ ਪਹਿਲਾਂ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ। ਵਿਭਾਗ ਵੱਲੋਂ ਪੰਜ ਦਿਨਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਬਸਿਡੀ ਵੀ ਮਿਲਦੀ ਹੈ।

ਮੌਜੂਦਾ ਸਕੀਮ ਅਨੁਸਾਰ ਇੱਕ ਹੈਕਟੇਅਰ ਲਈ 3.5 ਲੱਖ ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ।

ਬੀਮਾਰੀਆਂ ਤੇ ਬਾਰਿਸ਼ ਦਾ ਪ੍ਰਭਾਵ

ਉਨ੍ਹਾਂ ਕਹਿਣਾ ਹੈ ਕਿ ਪੰਜਾਬ ਦੇ ਹਾਲਾਤ ਅਨੁਸਾਰ ਮੱਛੀ ’ਚ ਬੀਮਾਰੀ ਦੇ ਕੇਸ ਘੱਟ ਹਨ। “ਜੇਕਰ ਫੰਗਸ ਆਵੇ ਤਾਂ ਲਾਲ ਦਵਾਈ ਵਰਤਦੇ ਹਾਂ, ਇਸ ਨਾਲ ਸਮੱਸਿਆ ਹੱਲ ਹੋ ਜਾਂਦੀ ਹੈ।” ਬਾਰਿਸ਼ ਦੇ ਮੌਸਮ ਵਿੱਚ ਉਹ ਵਾਧੂ ਸਾਵਧਾਨੀ ਬਰਤਦੇ ਹਨ ਕਿ ਖੇਤਾਂ ਦਾ ਪਾਣੀ ਤਲਾਬ ’ਚ ਨਾ ਪਵੇ ਅਤੇ ਪਾਣੀ ਦੀ ਹੁੰਮਸ ਵਧੇਰੇ ਨਾਂ ਹੋਵੇ।

ਆਮਦਨੀ ਤੇ ਮਾਰਕੀਟ

ਉਨ੍ਹਾਂ ਦੇ ਹਿਸਾਬ ਨਾਲ ਇੱਕ ਤਲਾਬ ’ਤੇ ਸਾਲਾਨਾ ਖਰਚਾ ਲਗਭਗ 1.5 ਲੱਖ ਰੁਪਏ ਆ ਜਾਂਦਾ ਹੈ।

ਤਾਰਾ ਸਿੰਘ ਦੱਸਦੇ ਹਨ ਕਿ ਇਸ ਵੇਲੇ ਮੱਛੀ ਦੀ ਔਸਤ ਕੀਮਤ 120 ਰੁਪਏ ਪ੍ਰਤੀ ਕਿਲੋ ਹੈ। ਸ਼ਿਕਾਰੀ ਖ਼ੁਦ ਆ ਕੇ ਮੱਛੀ ਖਰੀਦ ਲੈਂਦੇ ਹਨ। ਉਹ ਕਹਿੰਦੇ ਹਨ, “ਇੱਕ ਏਕੜ ਤੋਂ ਕਿਸਾਨ ਸਾਲਾਨਾ ਲਗਭਗ 4 ਲੱਖ ਰੁਪਏ ਤੱਕ ਰਕਮ ਹਾਸਲ ਕਰ ਸਕਦਾ ਹੈ।”

ਉਨ੍ਹਾਂ ਮੁਤਾਬਕ, ਇਹ ਮਿਹਨਤ ਨਾਲ ਜੁੜਿਆ ਕੰਮ ਹੈ ਪਰ ਜੇਕਰ ਸਹੀ ਦੇਖਭਾਲ ਕੀਤੀ ਜਾਵੇ ਤਾਂ ਮੱਛੀ ਪਾਲਣ ਲਾਭਦਾਇਕ ਸਾਬਤ ਹੁੰਦਾ ਹੈ। “ਪਾਣੀ ਤੇ ਸਫਾਈ ਦਾ ਧਿਆਨ ਰੱਖੋ, ਮੱਛੀ ਸਹੀਂ ਰਹੇਗੀ, ਆਮਦਨੀ ਵੀ ਵਧੇਗੀ।”

COMMENTS

WORDPRESS: 0