ਅੰਮ੍ਰਿਤਸਰ ਦੇ ਕੋਟਲੀ ਸਿੱਕਿਆਂ ਵਾਲੀ ਪਿੰਡ ਦੇ ਅਗਾਂਹਵਧੂ ਕਿਸਾਨ ਹਰਭੇਜ ਸਿੰਘ ਨੇ ਆਪਣੇ ਫਾਰਮ ’ਤੇ ਸੰਗਠਿਤ ਖੇਤੀ ਦਾ ਇੱਕ ਕਾਮਯਾਬ ਮਾਡਲ ਅਪਣਾਇਆ ਹੈ। ਉਹ ਕਹਿੰਦੇ ਹਨ ਕਿ ਅੱਜ ਦੇ ਸ
ਅੰਮ੍ਰਿਤਸਰ ਦੇ ਕੋਟਲੀ ਸਿੱਕਿਆਂ ਵਾਲੀ ਪਿੰਡ ਦੇ ਅਗਾਂਹਵਧੂ ਕਿਸਾਨ ਹਰਭੇਜ ਸਿੰਘ ਨੇ ਆਪਣੇ ਫਾਰਮ ’ਤੇ ਸੰਗਠਿਤ ਖੇਤੀ ਦਾ ਇੱਕ ਕਾਮਯਾਬ ਮਾਡਲ ਅਪਣਾਇਆ ਹੈ। ਉਹ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਇੱਕੋ ਫਸਲ ਜਾਂ ਇੱਕੋ ਪਸ਼ੂ ’ਤੇ ਨਿਰਭਰ ਰਹਿਣ ਦੀ ਬਜਾਏ ਵੱਖ-ਵੱਖ ਸਰੋਤ ਬਣਾਉਣੇ ਬਹੁਤ ਜ਼ਰੂਰੀ ਹੈ। ਇਸੇ ਲਈ ਉਹ ਮੱਝਾਂ, ਮੁਰਗੀਆਂ, ਬੱਕਰੀਆਂ ਸਮੇਤ ਕਈ ਕਿਸਮ ਦੇ ਪਸ਼ੂ ਪਾਲਦੇ ਹਨ, ਜਿਸ ਨਾਲ ਇੱਕੋ ਜਗ੍ਹਾ ਤੋਂ ਕਈ ਤਰ੍ਹਾਂ ਦੀ ਕਮਾਈ ਪੈਦਾ ਹੁੰਦੀ ਹੈ। ਪਸ਼ੂ-ਪਾਲਣ ਦੇ ਨਾਲ ਉਹ ਆਪਣੇ ਖੇਤਾਂ ਵਿੱਚ ਕਣਕ, ਝੋਨਾ, ਗੰਨਾ ਆਦਿ ਦੀ ਕ੍ਰਾਪ ਰੋਟੇਸ਼ਨ ਅਨੁਸਾਰ ਬੀਜਾਈ ਕਰਦੇ ਹਨ, ਤਾਂ ਕਿ ਮਿੱਟੀ ਵੀ ਸਿਹਤਮੰਦ ਰਹੇ ਅਤੇ ਆਮਦਨ ਵੀ ਸਾਲ ਭਰ ਜਾਰੀ ਰਹੇ।
ਕਿਹੜੀਆਂ ਨਸਲਾਂ

ਹਰਭੇਜ ਸਿੰਘ ਦੇ ਫਾਰਮ ਵਿੱਚ ਉੱਚ ਗੁਣਵੱਤਾ ਵਾਲੀਆਂ ਨਸਲਾਂ ਪਾਲੀਆਂ ਜਾਂਦੀਆਂ ਹਨ, ਐੱਚ ਐੱਫ ਨਸਲ ਦੀਆਂ ਗਾਵਾਂ, ਮੌਰਾ ਨਸਲ ਦੀਆਂ ਮੱਝਾਂ, ਬਿੰਟਲ ਬੱਕਰੀਆਂ ਅਤੇ ਆਰ.ਆਈ. ਨਸਲ ਦੀਆਂ ਮੁਰਗੀਆਂ। ਇਹ ਸਾਰੀਆਂ ਨਸਲਾਂ ਆਪਣੇ-ਆਪਣੇ ਖੇਤਰ ਵਿੱਚ ਵਧੀਆ ਉਤਪਾਦਨ ਅਤੇ ਤੰਦਰੁਸਤੀ ਲਈ ਮਸ਼ਹੂਰ ਹਨ।
ਵਿਸ਼ੇਸ਼ਤਾਵਾਂ
ਹਰਭੇਜ ਸਿੰਘ ਦੱਸਦੇ ਹਨ ਕਿ ਐੱਚ ਐੱਫ ਨਸਲ ਦੀ ਗਾਂ ਛੇਤੀ ਤਿਆਰ ਹੁੰਦੀ ਹੈ ਅਤੇ ਤਕਰੀਬਨ ਸਵਾ-ਦੋ ਸਾਲ ਦੀ ਉਮਰ ਤੋਂ ਹੀ ਦੁੱਧ ਦੇਣਾ ਸ਼ੁਰੂ ਕਰ ਦਿੰਦੀ ਹੈ, ਜਦੋਂ ਕਿ ਹੋਰ ਗਾਂਆਂ ਨੂੰ ਤਿਆਰ ਹੋਣ ਅਤੇ ਦੁੱਧ ਦੇਣ ਲਈ ਅਕਸਰ 3–4 ਸਾਲ ਲੱਗ ਜਾਂਦੇ ਹਨ। ਇਹ ਨਸਲ ਦੁੱਧ ਵੀ ਕਾਫ਼ੀ ਵਧੇਰੇ ਮਾਤਰਾ ਵਿੱਚ ਦਿੰਦੀ ਹੈ, ਜਿੱਥੇ ਆਮ ਗਾਂਆਂ 10–15 ਕਿਲੋ ਤੱਕ ਦੁੱਧ ਦਿੰਦੀ ਹਨ, ਉੱਥੇ ਐੱਚ ਐੱਫ ਨਸਲ 35–45 ਕਿਲੋ ਤੱਕ ਦੇਣ ਸਮਰੱਥ ਹੈ। ਮੌਰਾ ਨਸਲ ਦੀ ਮੱਝ ਵਿੱਚ ਵੀ ਇਹੋ ਜਿਹੀਆਂ ਵਿਸ਼ੇਸ਼ਤਾਵਾਂ ਹਨ, ਛੇਤੀ ਤਿਆਰ ਹੋਣਾ, ਵਧੇਰੇ ਦੁੱਧ ਦੇਣਾ ਅਤੇ ਤੰਦਰੁਸਤ ਰਹਿਣਾ।
ਰਿਕਾਰਡ ਰੱਖਣਾ
ਉਹ ਕਹਿੰਦੇ ਹਨ ਕਿ ਸੰਗਠਿਤ ਖੇਤੀ ਵਿੱਚ ਰਿਕਾਰਡ ਰੱਖਣਾ ਸਭ ਤੋਂ ਜ਼ਰੂਰੀ ਹੈ। ਇਸ ਲਈ ਉਹ ਆਪਣੇ ਫਾਰਮ ’ਤੇ ਹਰ ਇੱਕ ਪਸ਼ੂ ਦਾ ਵਿਸਥਾਰਵਾਰ ਰਿਕਾਰਡ ਰੱਖਦੇ ਹਨ, ਕਿਹੜੀ ਮੱਝ ਜਾਂ ਗਾਂ ਨੇ ਕਿੰਨਾ ਦੁੱਧ ਦਿੱਤਾ, ਕਿੰਨੇ ਦਿਨਾਂ ਤੱਕ ਦਿੱਤਾ, ਕਿਸ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਵਧੀਆ ਹੈ, ਕਿਸ ਪਸ਼ੂ ਦੀ ਆਬਾਦੀ ਲਾਈਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਆਦਿ।

ਉਹ ਇੰਨਬ੍ਰੀਡਿੰਗ ਤੋਂ ਬਚਣ ਲਈ ਵੀ ਖਾਸ ਧਿਆਨ ਦੇਂਦੇ ਹਨ। ਉਹ ਦੱਸਦੇ ਹਨ ਕਿ ਇੱਕ ਝੋਟੇ ਨਾਲ ਨਿਰਧਾਰਤ ਸਮੇਂ ਤੱਕ ਹੀ ਬ੍ਰੀਡਿੰਗ ਕਰਵਾਈ ਜਾਂਦੀ ਹੈ ਅਤੇ ਸਾਰਾ ਰਿਕਾਰਡ ਲਿਖ ਕੇ ਰੱਖਿਆ ਜਾਂਦਾ ਹੈ, ਤਾਂ ਜੋ ਅੱਗੇ ਨਸਲ ਦੀ ਸਿਹਤ ਅਤੇ ਗੁਣਵੱਤਾ ’ਤੇ ਕੋਈ ਨੁਕਸਾਨ ਨਾ ਪਵੇ। ਉਹ ਮੰਨਦੇ ਹਨ ਕਿ ਮੱਝਾਂ ਵਿੱਚ ਮਨਸੂਈ ਗਰਭਧਾਰਣ ਹਮੇਸ਼ਾਂ ਵਧੀਆ ਸਫਲਤਾ ਨਹੀਂ ਦਿੰਦਾ, ਇਸ ਲਈ ਉਹ ਇਸ ਨੂੰ ਘੱਟ ਵਰਤਦੇ ਹਨ, ਹਾਲਾਂਕਿ ਗਾਵਾਂ ਲਈ ਉਹ ਮਨਸੂਈ ਟੀਕੇ ਨੂੰ ਤਰਜੀਹ ਦਿੰਦੇ ਹਨ।
ਜਾਣਕਾਰੀ ਦੀ ਮਹੱਤਤਾ
ਹਰਭੇਜ ਸਿੰਘ ਕਹਿੰਦੇ ਹਨ ਕਿ ਖੇਤੀ ਸਿਰਫ ਮਿਹਨਤ ਦਾ ਨਹੀਂ, ਸਾਇੰਸ ਅਤੇ ਜਾਣਕਾਰੀ ਦਾ ਕੰਮ ਹੈ। ਉਹ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਿਆਂ ਵਿੱਚ ਨਿਯਮਿਤ ਤੌਰ ’ਤੇ ਸ਼ਿਰਕਤ ਕਰਦੇ ਹਨ, ਜਿਲ੍ਹਾ ਅਤੇ ਰਾਜ ਪੱਧਰ ਦੇ ਖੇਤੀ-ਸਬੰਧੀ ਦਫਤਰਾਂ ਨਾਲ ਜੁੜੇ ਰਹਿੰਦੇ ਹਨ ਅਤੇ ਨਵੀਆਂ ਤਕਨੀਕੀ ਜਾਣਕਾਰੀਆਂ, ਪਸ਼ੂ-ਪਾਲਣ ਸਬੰਧੀ ਕਾਗਜ਼ਾਤ ਅਤੇ ਖੋਜ ਪੜ੍ਹਦੇ ਰਹਿੰਦੇ ਹਨ। ਉਹ ਮੰਨਦੇ ਹਨ ਕਿ ਅੱਜ ਦੇ ਯੁੱਗ ਵਿੱਚ ਜਾਣਕਾਰੀ ਵਾਲਾ ਕਿਸਾਨ ਹੀ ਅੱਗੇ ਵਧ ਸਕਦਾ ਹੈ।
ਮਾਰਕਟਿੰਗ ਅਤੇ ਵਿਕਰੀ
ਹਰਭੇਜ ਸਿੰਘ ਆਪਣੇ ਫਾਰਮ ਦੇ ਜ਼ਿਆਦਾਤਰ ਉਤਪਾਦ ਦੁੱਧ, ਮੁਰਗੀਆਂ, ਅੰਡੇ, ਬੱਕਰੀਆਂ ਆਦਿ ਸਿੱਧੇ ਸ਼ਹਿਰ ਵਿੱਚ ਆਪਣੀ ਦੁਕਾਨ ਰਾਹੀਂ ਵੇਚਦੇ ਹਨ। ਇਸ ਨਾਲ ਉਹਨਾਂ ਨੂੰ ਦਲਾਲਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਸਿੱਧਾ ਵਧੇਰੇ ਮੁਨਾਫਾ ਹੁੰਦਾ ਹੈ। ਵਾਧੂ ਦੁੱਧ ਉਹ ਵੇਰਕਾ ਨੂੰ ਵੀ ਸਪਲਾਈ ਕਰਦੇ ਹਨ। ਫਾਰਮ ’ਤੇ ਉਨ੍ਹਾਂ ਵੱਲੋਂ ਫਲਦਾਰ ਬੂਟੇ ਅਤੇ ਘਰੇਲੂ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ, ਜੋ ਮੁੱਖ ਤੌਰ ’ਤੇ ਖੁਦ ਦੀ ਵਰਤੋਂ ਲਈ ਹੁੰਦੀਆਂ ਹਨ। ਕਈ ਸਾਲਾਂ ਦੀ ਕਾਮਯਾਬੀ ਤੋਂ ਬਾਅਦ ਹੁਣ ਉਨ੍ਹਾਂ ਦੇ ਪੱਕੇ ਅਤੇ ਭਰੋਸੇਮੰਦ ਗਾਹਕ ਤਿਆਰ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਸਥਿਰ ਆਮਦਨ ਵਿੱਚ ਵਾਧਾ ਹੋ ਰਿਹਾ ਹੈ।
ਸੰਗਠਿਤ ਖੇਤੀ ਦੇ ਫਾਇਦੇ
ਉਹ ਕਹਿੰਦੇ ਹਨ ਕਿ ਸੰਗਠਿਤ ਖੇਤੀ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਹਰ ਇੱਕ ਦੂਜੇ ਨੂੰ ਮਜ਼ਬੂਤ ਕਰਦਾ ਹੈ। ਪਸ਼ੂਆਂ ਦੀ ਰੂੜੀ ਖੇਤਾਂ ਵਿੱਚ ਬਹੁਤ ਲਾਭਦਾਇਕ ਹੈ। ਇਸ ਨਾਲ ਜੈਵਿਕ ਖਾਦ ਬਣਦੀ ਹੈ, ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਰਸਾਇਣਕ ਖਾਦਾਂ ਦੀ ਲੋੜ ਵੀ ਘੱਟ ਰਹਿੰਦੀ ਹੈ। ਉਹ ਦੱਸਦੇ ਹਨ ਕਿ ਨਾ ਸਿਰਫ ਉਹ ਆਪਣੀ ਰੂੜੀ ਖੁਦ ਖੇਤਾਂ ਵਿੱਚ ਵਰਤਦੇ ਹਨ, ਸਗੋਂ ਵਾਧੂ ਬਚਤ ਬਾਹਰ ਵੀ ਵੇਚਦੇ ਹਨ, ਜਿਸ ਨਾਲ ਵਾਧੂ ਆਮਦਨ ਬਣਦੀ ਹੈ।
ਹਰਭੇਜ ਸਿੰਘ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਸਮੂਹ ਬਣਾਕੇ, ਮਿਲਜੁਲ ਕੇ ਸਹਿਕਾਰਤਾ ਮਾਡਲ ਅਪਣਾਉਣ। ਉਹ ਮੰਨਦੇ ਹਨ ਕਿ ਸਾਂਝੇ ਤੌਰ ’ਤੇ ਕੰਮ ਕਰਨ ਨਾਲ ਨਾ ਸਿਰਫ ਖਰਚੇ ਘੱਟ ਹੁੰਦੇ ਹਨ, ਸਗੋਂ ਮਸ਼ੀਨਰੀ ਦੀ ਸਾਂਝੀ ਵਰਤੋਂ, ਤਕਨੀਕ ਦੀ ਪਹੁੰਚ ਅਤੇ ਮਾਰਕਟਿੰਗ ਦੇ ਵਧੀਆ ਮੌਕੇ ਵੀ ਮਿਲਦੇ ਹਨ। ਉਨ੍ਹਾਂ ਦੇ ਮੁਤਾਬਕ, ਜੇ ਕਿਸਾਨ ਇਕੱਠੇ ਹੋਣ ਤਾਂ ਕਿਸਾਨੀ ਦੀਆਂ ਕਈ ਮੁਸ਼ਕਿਲਾਂ ਦਾ ਹੱਲ ਆਸਾਨੀ ਨਾਲ ਨਿਕਲ ਸਕਦਾ ਹੈ ਅਤੇ ਛੋਟੇ ਕਿਸਾਨ ਵੀ ਵੱਡੇ ਪੱਧਰ ’ਤੇ ਲਾਭ ਲੈ ਸਕਦੇ ਹਨ।
COMMENTS