ਮੱਝ ਨੂੰ ਭਾਰਤ ਦਾ 'ਕਾਲਾ ਸੋਨਾ' ਕਿਹਾ ਜਾਂਦਾ ਹੈ, ਕਿਉਂਕਿ ਇਹ ਦੁੱਧ, ਮੀਟ ਅਤੇ ਚਮੜੀ ਸਮੇਤ ਕਈ ਉਤਪਾਦਾਂ ਦਾ ਮੁੱਖ ਸਰੋਤ ਹੈ। ਇਹ ਭਾਰਤ ਦੇ ਕੁੱਲ ਦੁੱਧ ਉਤਪਾਦਨ (2022-23) ਦਾ ਲਗਭ
ਮੱਝ ਨੂੰ ਭਾਰਤ ਦਾ ‘ਕਾਲਾ ਸੋਨਾ’ ਕਿਹਾ ਜਾਂਦਾ ਹੈ, ਕਿਉਂਕਿ ਇਹ ਦੁੱਧ, ਮੀਟ ਅਤੇ ਚਮੜੀ ਸਮੇਤ ਕਈ ਉਤਪਾਦਾਂ ਦਾ ਮੁੱਖ ਸਰੋਤ ਹੈ। ਇਹ ਭਾਰਤ ਦੇ ਕੁੱਲ ਦੁੱਧ ਉਤਪਾਦਨ (2022-23) ਦਾ ਲਗਭਗ 44.8% ਹਿੱਸਾ ਪ੍ਰਦਾਨ ਕਰਦੀ ਹੈ। ਮੱਝਾਂ ਗਾਵਾਂ ਨਾਲੋਂ ਜ਼ਿਆਦਾ ਸਖ਼ਤ ਜਾਨਵਰ ਹਨ, ਉਹ ਭਾਰਤ ਦੀਆਂ ਸਾਰੀਆਂ ਜਲਵਾਯੂ ਪਰਿਸਥਿਤੀਆਂ ਵਿੱਚ ਜਿਉਂਦੀਆਂ ਰਹਿਣ ਦੇ ਸਮਰੱਥ ਹਨ ਅਤੇ ਵੱਖ-ਵੱਖ ਬਿਮਾਰੀਆਂ ਪ੍ਰਤੀ ਵਧੇਰੇ ਰੋਧਕ ਹਨ। ਇਸ ਦੇ ਨਾਲ ਹੀ ਮੱਝਾਂ ਘੱਟ ਗੁਣਵੱਤਾ ਵਾਲੇ ਚਾਰੇ ਨਾਲ ਵੀ ਦੁੱਧ ਉਤਪਾਦਨ ਨੂੰ ਘੱਟ ਨਹੀਂ ਕਰਦੀਆਂ, ਜਿਸ ਕਾਰਨ ਜ਼ਿਆਦਾਤਰ ਪਸ਼ੂ ਪਾਲਕਾਂ ਦਾ ਮੰਨਣਾ ਹੈ ਕਿ ਮੱਝਾਂ ਖੇਤੀਬਾੜੀ ਦੀ ਮੌਜੂਦਾ ਸਥਿਤੀ ਵਿੱਚ ਕਾਫੀ ਲਾਭਦਾਇਕ ਹਨ.
ਮੁੱਖ ਨਸਲਾਂ ਅਤੇ ਉਤਪਾਦਕਤਾ
ਦੁਨੀਆ ਵਿੱਚ ਮੱਝਾਂ ਦੀਆਂ ਸਭ ਤੋਂ ਵਧੀਆ ਨਸਲਾਂ ਉੱਤਰੀ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚੋਂ “ਮੁਰ੍ਹਾ” ਅਤੇ “ਨੀਲੀ ਰਾਵੀ” ਨਸਲਾਂ ਪ੍ਰਸਿੱਧ ਹਨ। ਮੁਰ੍ਹਾ ਦੁੱਧ ਦੇ ਸਭ ਤੋਂ ਵੱਧ ਉਤਪਾਦਨ ਲਈ ਜਾਣਿਆ ਜਾਂਦਾ ਹੈ। ਮੂਲ ਰੂਪ ਵਿੱਚ, ਇਸਦੀ ਉਤਪਤੀ ਹਰਿਆਣਾ ਦੇ ਰੋਹਤਕ, ਹਿਸਾਰ ਅਤੇ ਜੀਂਦ ਜ਼ਿਲ੍ਹਿਆਂ ਵਿੱਚ ਹੋਈ ਅਤੇ ਇਹ ਪੰਜਾਬ ਦੇ ਨਾਭਾ ਅਤੇ ਪਟਿਆਲਾ ਖੇਤਰਾਂ ਵਿੱਚ ਵੀ ਪਾਈ ਜਾਂਦੀ ਹੈ। ਮੁਰ੍ਹਾ ਦਾ ਦੁੱਧ ਉਤਪਾਦਨ ਪ੍ਰਤੀ ਸੂਆ ਲਗਭਗ 2400-3500 ਕਿਲੋ ਹੁੰਦਾ ਹੈ, ਜਿਸ ਵਿੱਚ ਚਰਬੀ 7% ਤੋਂ ਵੱਧ ਹੁੰਦੀ ਹੈ।
ਦੂਜੀ ਮੁੱਖ ਨਸਲ, ਨੀਲੀ ਰਾਵੀ, ਚੰਗੇ ਦੁੱਧ ਉਤਪਾਦਨ ਅਤੇ ਉੱਚ ਚਰਬੀ ਲਈ ਪ੍ਰਸਿੱਧ ਹੈ। ਇਸਦਾ ਖੇਤਰ ਅਣ ਵੰਡੇ ਪੰਜਾਬ ਵਿੱਚ ਸਤਲੁਜ ਅਤੇ ਰਾਵੀ ਖੇਤਰ ਦੇ ਵਿਚਕਾਰ ਸੀ. ਜ਼ਿਕਰਯੋਗ ਹੈ ਕਿ ਪ੍ਰਾਚੀਨ ਸਮੇਂ ਵਿੱਚ ਨੀਲੀ ਅਤੇ ਰਾਵੀ ਦੋ ਵੱਖ-ਵੱਖ ਨਸਲਾਂ ਸਨ, ਪਰ ਕੁਝ ਸਮੇਂ ਬਾਅਦ ਵੱਡੇ ਪੱਧਰ ‘ਤੇ ਕਰਾਸ ਬ੍ਰੀਡਿੰਗ ਕਾਰਨ, ਇਹ ਦੋਵੇਂ ਨਸਲਾਂ ਇੱਕ ਨਸਲ ਬਣ ਗਈਆਂ। ਹੁਣ ਇਹ ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਲਗਭਗ ਸਾਰੇ ਪੰਜਾਬ ਵਿੱਚ ਪਾਈ ਜਾਂਦੀ ਹੈ। ਨੀਲੀ ਰਾਵੀ ਦਾ ਦੁੱਧ ਉਤਪਾਦਨ ਪ੍ਰਤੀ ਸੂਆ ਲਗਭਗ 2400-2700 ਕਿਲੋ ਹੁੰਦਾ ਹੈ ਅਤੇ ਇਸ ਵਿੱਚ ਵੀ ਚਰਬੀ 7% ਤੋਂ ਵੱਧ ਹੁੰਦੀ ਹੈ।
ਪੰਜਾਬ ਦੇ ਡੇਅਰੀ ਸੈਕਟਰ ਵਿੱਚ ਮੱਝਾਂ ਦਾ ਯੋਗਦਾਨ
ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਵਿੱਚ ਡੇਅਰੀ ਸੈਕਟਰ ਦਾ ਮਹੱਤਵਪੂਰਨ ਯੋਗਦਾਨ ਹੈ। 2020-21 ਵਿੱਚ ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਕਿੱਤਿਆਂ ਦਾ ਪੰਜਾਬ ਦੇ ਕੁੱਲ GDP ਵਿੱਚ 27.7 ਪ੍ਰਤੀਸ਼ਤ ਯੋਗਦਾਨ ਸੀ। ਪਸ਼ੂ ਧਨ ਖੇਤਰ ਦਾ ਕੁੱਲ ਖੇਤੀਬਾੜੀ ਆਮਦਨ ਵਿੱਚ ਲਗਭਗ 36.9% ਯੋਗਦਾਨ ਹੈ, ਜਿਸ ਵਿੱਚੋਂ ਡੇਅਰੀ ਸੈਕਟਰ ਦਾ ਹਿੱਸਾ 82% ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਸ਼ੂ ਧਨ ਖੇਤਰ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਵਿੱਚ ਕਿੰਨਾ ਮਦਦਗਾਰ ਸਾਬਤ ਹੋ ਰਿਹਾ ਹੈ। ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1283 ਗ੍ਰਾਮ ਪ੍ਰਤੀ ਦਿਨ (2022-23) ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਪੰਜਾਬ ਨੇ ਸਾਲ 2022-23 ਵਿੱਚ 14.30 ਮਿਲੀਅਨ ਟਨ ਦੁੱਧ ਦਾ ਉਤਪਾਦਨ ਕੀਤਾ ਜਿਸ ਵਿੱਚੋਂ ਮੱਝਾਂ ਦੇ ਦੁੱਧ ਦਾ ਯੋਗਦਾਨ 59.4% ਸੀ। ਇਹ ਆਂਕੜੇ ਸਪੱਸ਼ਟ ਕਰਦੇ ਹਨ ਕਿ ਮੱਝਾਂ ਪੰਜਾਬ ਦੀ ਪੇਂਡੂ ਅਰਥ ਵਿਵਸਥਾ ਅਤੇ ਡੇਅਰੀ ਉਦਯੋਗ ਦੀ ਅਸਲ ਵਿੱਚ ਰੀੜ੍ਹ ਦੀ ਹੱਡੀ ਹਨ।
ਮੱਝਾਂ ਮੁੱਖ ਤੌਰ ‘ਤੇ ਅਰਧ-ਤੀਬਰ ਉਤਪਾਦਨ ਪ੍ਰਣਾਲੀ ਅਧੀਨ ਦੁੱਧ ਉਤਪਾਦਨ ਲਈ ਵਰਤੀਆਂ ਜਾਂਦੀਆਂ ਹਨ। ਪਿਛਲੇ ਕਈ ਸਾਲਾਂ ਵਿੱਚ, ਡੇਅਰੀ ਉਤਪਾਦਨ ਦਾ ਢਾਂਚਾ ਤੀਬਰ ਉਤਪਾਦਨ ਪ੍ਰਣਾਲੀ ਵਿੱਚ ਤਬਦੀਲ ਹੋ ਗਿਆ ਹੈ। ਪ੍ਰਜਨਨ ਨੀਤੀ ਵਿੱਚ ਬਦਲਾਅ ਦੇ ਕਾਰਨ, ਪਸ਼ੂ ਪਾਲਕ ਉਤਪਾਦਨ ਪ੍ਰਣਾਲੀ ਵਿੱਚ ਕਰਾਸਬ੍ਰੀਡ ਗਾਵਾਂ ਨੂੰ ਸ਼ਾਮਲ ਕਰ ਰਹੇ ਹਨ, ਜਿਸ ਕਾਰਨ ਪਿਛਲੇ ਸਾਲਾਂ ਵਿੱਚ ਕਰਾਸਬ੍ਰੀਡ ਗਾਵਾਂ ਦੀ ਗਿਣਤੀ ਵੱਧ ਰਹੀ ਹੈ। ਪਰ ਇਸ ਦੇ ਬਾਵਜੂਦ, ਮੱਝਾਂ ਨੂੰ ਪ੍ਰਮੁਖਤਾ ਨਾਲ ਪਾਲਿਆ ਜਾਂਦਾ ਰਿਹਾ ਹੈ ਅਤੇ ਪਾਲਿਆ ਜਾਂਦਾ ਰਹੇਗਾ। ਜੇਕਰ ਅਸੀਂ ਪੰਜਾਬ ਦੀ ਉਤਪਾਦਨ ਪ੍ਰਣਾਲੀ ‘ਤੇ ਨਜ਼ਰ ਮਾਰੀਏ, ਤਾਂ ਦੁੱਧ ਉਤਪਾਦਨ ਦਾ 70% ਵੱਡਾ ਹਿੱਸਾ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਾਂ (2-10 ਜਾਨਵਰਾਂ) ਤੋਂ ਆਉਂਦਾ ਹੈ, 25 % ਵੱਡੇ ਵਪਾਰਕ ਫਾਰਮਾਂ ਤੋਂ, 1 % ਘਰੇਲੂ ਡੇਅਰੀਆਂ ਤੋਂ ਅਤੇ ਬਾਕੀ 4% ਪੇਰੀ ਅਰਬਨ ਡੇਅਰੀਆਂ ਤੋਂ ਆਉਂਦਾ ਹੈ।
ਪੰਜਾਬ ਵਿੱਚ ਮੱਝਾਂ ਦੀ ਆਬਾਦੀ
2019-20 ਦੇ ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਕੁੱਲ ਡੇਅਰੀ ਜਾਨਵਰਾਂ ਦੀ ਆਬਾਦੀ 65.47 ਲੱਖ ਹੈ, ਜਿਸ ਵਿੱਚੋਂ ਮੱਝਾਂ ਦੀ ਆਬਾਦੀ 61.33 % (40.15 ਲੱਖ) ਹੈ। ਕੁੱਲ ਮੱਝਾਂ ਦੀ ਆਬਾਦੀ ਵਿੱਚੋਂ, ਮਾਦਾ ਮੱਝਾਂ ਦੀ ਆਬਾਦੀ 38.38 ਲੱਖ (95.6 %) ਅਤੇ ਨਰ ਮੱਝਾਂ ਦੀ ਆਬਾਦੀ 1.77 ਲੱਖ (4.40%) ਹੈ। 1992-2019 ਦੇ ਸਮੇਂ ਦੌਰਾਨ ਪੰਜਾਬ ਵਿੱਚ ਮੱਝਾਂ ਦੀ ਆਬਾਦੀ 57.64 ਲੱਖ ਤੋਂ ਘੱਟ ਕੇ 40.15 ਲੱਖ ਹੋ ਗਈ ਹੈ। 2012 ਦੀ ਪਿਛਲੀ ਜਨਗਣਨਾ ਦੇ ਮੁਕਾਬਲੇ, 2019 ਦੀ ਜਨਗਣਨਾ ਵਿੱਚ ਮੱਝਾਂ ਦੀ ਗਿਣਤੀ 22.2 ਪ੍ਰਤੀਸ਼ਤ ਘੱਟ ਗਈ ਹੈ।
ਪੰਜਾਬ ਵਿੱਚ ਮੱਝਾਂ ਤੋਂ ਦੁੱਧ ਉਤਪਾਦਨ
2022-23 ਵਿੱਚ, ਪੰਜਾਬ ਦਾ ਭਾਰਤ ਦੇ ਕੁੱਲ ਦੁੱਧ ਉਤਪਾਦਨ (230.58 ਮਿਲੀਅਨ ਟਨ) ਵਿੱਚ 14.30 ਮਿਲੀਅਨ ਟਨ ਦਾ ਹਿੱਸਾ ਹੈ ਜੋ ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿੱਚ 6.20 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਪੰਜਾਬ ਵਿੱਚ ਪਿਛਲੇ 40 ਸਾਲਾਂ ਤੋਂ ਮੱਝਾਂ ਦੇ ਦੁੱਧ ਦਾ ਉਤਪਾਦਨ ਵਧ ਰਿਹਾ ਹੈ। 1980-81 ਤੋਂ 2022-23 ਵਿੱਚ ਮੱਝਾਂ ਦੇ ਦੁੱਧ ਦਾ ਉਤਪਾਦਨ 2.55 ਮਿਲੀਅਨ ਟਨ ਤੋਂ ਵੱਧ ਕੇ 8.5 ਮਿਲੀਅਨ ਟਨ ਹੋ ਗਿਆ ਹੈ। ਸਾਲ 2019-20 ਵਿੱਚ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨੇ ਸਭ ਤੋਂ ਵੱਧ ਦੁੱਧ ਉਤਪਾਦਨ ਦਰਜ ਕੀਤਾ, ਜੋ ਕਿ 1016 ਟਨ ਹੈ ਅਤੇ ਪਟਿਆਲਾ ਜ਼ਿਲ੍ਹੇ ਨੇ 750 ਟਨ ਦੁੱਧ ਉਤਪਾਦਨ ਦਰਜ ਕੀਤਾ।
ਪੰਜਾਬ ਵਿੱਚ ਮੱਝਾਂ ਦੀ ਦੁੱਧ ਉਤਪਾਦਕਤਾ (ਪ੍ਰਤੀ ਦਿਨ ਪ੍ਰਤੀ ਜਾਨਵਰ)
2022-23 ਦੇ ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਮੱਝਾਂ ਦੀ ਉਤਪਾਦਕਤਾ ਦੂਜੇ ਸਥਾਨ ‘ਤੇ ਹੈ ਪ੍ਰਤੀ ਦਿਨ ਪ੍ਰਤੀ ਜਾਨਵਰ ਦੁੱਧ ਉਤਪਾਦਕਤਾ 9.52 ਕਿਲੋ ਸੀ, ਜੋ ਰਾਸ਼ਟਰੀ ਔਸਤ (6.06 ਕਿਲੋ) ਤੋਂ ਬਹੁਤ ਜ਼ਿਆਦਾ ਹੈ। ਇਸਦਾ ਸਿਹਰਾ ਰਾਸ਼ਟਰੀ ਨਸਲ ਸੁਧਾਰ ਪ੍ਰੋਗਰਾਮ ਦੁਆਰਾ ਪੈਦਾ ਕੀਤੀਆਂ ਗਈਆਂ ਮੱਝਾਂ ਦੀਆਂ ਸੁਧਰੀਆਂ ਨਸਲਾਂ ਨੂੰ ਜਾਂਦਾ ਹੈ। ਇਸ ਪ੍ਰੋਗਰਾਮ ਰਾਹੀਂ, ਕਿਸਾਨਾਂ ਨੂੰ ਹੋਰ ਮੁਰ੍ਹਾ ਅਤੇ ਨੀਲੀ ਰਾਵੀ ਨਸਲਾਂ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸਦਾ ਟੀਚਾ ਪ੍ਰਤੀ ਜਾਨਵਰ ਮੱਝਾਂ ਦੇ ਦੁੱਧ ਉਤਪਾਦਨ ਨੂੰ 11 ਕਿਲੋਗ੍ਰਾਮ ਪ੍ਰਤੀ ਦਿਨ ਵਧਾਉਣਾ ਹੈ।
ਕਰਾਸਬ੍ਰੀਡ ਗਾਵਾਂ ਦੀ ਵੱਧਦੀ ਗਿਣਤੀ ਦੇ ਬਾਵਜੂਦ, ਮੱਝਾਂ ਦੁੱਧ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮੱਝ ਦੇ ਦੁੱਧ ਵਿੱਚ ਉੱਚ ਫੈਟ (7.4%) ਅਤੇ ਠੋਸ ਪਦਾਰਥ (15.5%) ਹੋਣ ਕਾਰਨ ਇਹ ਘਿਓ, ਮੋਜ਼ੇਰੇਲਾ ਪਨੀਰ, ਖੋਆ ਅਤੇ ਪਨੀਰ ਵਰਗੇ ਉਤਪਾਦ ਬਣਾਉਣ ਲਈ ਵਧੇਰੇ ਢੁੱਕਵਾਂ ਹੈ। ਇਸ ਤੋਂ ਇਲਾਵਾ ਮੱਝਾਂ ਵਧੇਰੇ ਕੁਸ਼ਲ ਹਨ ਅਤੇ ਡਾਕਟਰੀ ਖਰਚੇ ਵੀ ਕਰਾਸਬ੍ਰੀਡ ਗਾਵਾਂ ਨਾਲੋਂ ਘੱਟ ਹਨ। ਇਸ ਲਈ, ਸਾਡੇ ਰਾਜ ਅਤੇ ਦੇਸ਼ ਨੂੰ ਪ੍ਰਜਨਨ ਨੀਤੀ ਵਿੱਚ ਸੁਧਾਰ ਕਰਨ ਦੀ ਲੋੜ ਹੈ, ਜਿਸ ਵਿੱਚ ਕਿਸਾਨਾਂ ਨੂੰ ਮੱਝਾਂ ਨੂੰ ਇੱਕ ਪ੍ਰਮੁੱਖ ਡੇਅਰੀ ਜਾਨਵਰ ਵਜੋਂ ਪਾਲਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਨਾ ਸਿਰਫ ਮੱਝਾਂ ਗਾਵਾਂ ਨਾਲੋਂ ਵਧੇਰੇ ਉਤਪਾਦਕ ਹੁੰਦੀਆਂ ਹਨ ਬਲਕਿ ਮੱਝਾਂ ਨੂੰ ਮੀਟ ਦੇ ਉਦੇਸ਼ ਲਈ ਵੀ ਵਰਤਿਆ ਜਾਂਦਾ ਹੈ। ਇਸ ਨਾਲ ਮੀਟ ਨਿਰਯਾਤ ਵੱਧੇਗਾ ਅਤੇ ਖੇਤੀਬਾੜੀ ਆਰਥਿਕਤਾ ਵਿੱਚ ਵੀ ਸੁਧਾਰ ਹੋ ਸਕਦਾ ਹੈ।
ਭਵਿੱਖ ਅਤੇ ਮੱਝਾਂ ਦੀ ਉਤਪਾਦਨ ਪ੍ਰਣਾਲੀ ਲਈ ਸੁਝਾਅ
ਪੰਜਾਬ ਦੇ ਡੇਅਰੀ ਜਾਨਵਰਾਂ ਵਿੱਚ ਮੱਝਾਂ ਦਾ ਇੱਕ ਪ੍ਰਮੁੱਖ ਸਥਾਨ ਹੈ। ਉਨ੍ਹਾਂ ਦੀ ਉਤਪਾਦਨ ਪ੍ਰਣਾਲੀ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ, ਸਰਕਾਰ ਨੂੰ ਕੁਝ ਮਹੱਤਵਪੂਰਨ ਫੈਸਲੇ ਲੈਣੇ ਪੈਣਗੇ. ਪੰਜਾਬ ਰਾਜ ਨੂੰ ਮੱਝਾਂ ਦੇ ਖੇਤਰ ਵਿੱਚ ਮੋਹਰੀ ਰਾਜ ਵਜੋਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਡੇਅਰੀ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਲਈ ਕੁਝ ਸੁਧਾਰ ਜ਼ਰੂਰੀ ਹਨ. ਮੱਝ ਦਾ ਦੁੱਧ ਚਰਬੀ ਅਤੇ SNF ਨਾਲ ਭਰਪੂਰ ਹੁੰਦਾ ਹੈ, ਇਸ ਲਈ, ਮੁੱਲ ਜੋੜਨ ਵਾਲੇ ਉਤਪਾਦਾਂ ਲਈ ਵਧੇਰੇ ਢੁੱਕਵਾਂ ਅਤੇ ਕਿਫ਼ਾਇਤੀ ਹੈ। ਇਸ ਦੇ ਪੌਸ਼ਟਿਕ ਲਾਭ ਉੱਚ ਕੈਲੋਰੀਫਿਕ ਮੁੱਲ, ਉੱਚ ਵਿਟਾਮਿਨ ਅਤੇ ਖਣਿਜ, ਘੱਟ ਕੋਲੈਸਟ੍ਰੋਲ ਹਨ, ਇਸ ਲਈ, ਮੱਝ ਦੇ ਦੁੱਧ ਤੋਂ ਉਤਪਾਦ ਬਣਾ ਕੇ ਅਤੇ ਵੇਚ ਕੇ ਵਧੇਰੇ ਲਾਭ ਕਮਾਇਆ ਜਾ ਸਕਦਾ ਹੈ।
2022-23 ਦੇ ਆਂਕੜਿਆਂ ਅਨੁਸਾਰ, ਪੰਜਾਬ ਵਿੱਚ ਕੁੱਲ ਮਾਸ ਉਤਪਾਦਨ ਦਾ 43.6% ਮੱਝ ਦੇ ਮੀਟ ਤੋਂ ਆਇਆ। ਪੰਜਾਬ ਦੇਸ਼ ਵਿੱਚ 6.40% ਮੱਝਾਂ ਦਾ ਮਾਸ ਪੈਦਾ ਕਰ ਰਿਹਾ ਹੈ ਜਿਸ ਵਿੱਚ 5.74% ਮੱਝਾਂ ਹਨ। ਅਣ ਉਤਪਾਦਕ ਪਸ਼ੂਆਂ ਨੂੰ ਮੀਟ ਲਈ ਵੇਚਣਾ ਆਰਥਿਕ ਤੌਰ ‘ਤੇ ਲਾਭਕਾਰੀ ਹੋ ਸਕਦਾ ਹੈ. ਦੂਜਾ, ਮੱਝਾਂ ਵਿੱਚ ਪਹਿਲੇ ਸੂਏ ਦੀ ਔਸਤ ਉਮਰ ਜੋ ਕਿ 3.8 ਸਾਲ ਹੈ, ਕਿਸਾਨਾਂ ਲਈ ਇੱਕ ਵੱਡਾ ਆਰਥਿਕ ਬੋਝ ਹੈ। ਵਿਗਿਆਨੀਆਂ ਨੂੰ ਖੋਜ ਰਾਹੀਂ ਇਸ ਉਮਰ ਨੂੰ ਘਟਾਉਣ ‘ਤੇ ਕੰਮ ਕਰਨਾ ਚਾਹੀਦਾ ਹੈ। ਸਰਕਾਰ ਦੇ ਨਾਲ-ਨਾਲ ਇਸ ਸਮੇਂ ਦੌਰਾਨ ਕਿਸਾਨਾਂ ਨੂੰ ਸਬਸਿਡੀ ਦੇ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਖੋਜ ਮੁਤਾਬਕ ਮੱਝਾਂ ਦਾ ਫਾਰਮ ਘੱਟੋ-ਘੱਟ 7 ਜਾਨਵਰਾਂ ਨਾਲ ਸ਼ੁਰੂਆਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ. ਧਿਆਨਯੋਗ, ਸਭ ਤੋਂ ਜ਼ਰੂਰੀ ਕਦਮ ਇਹ ਹੈ ਕਿ ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਸਿਖਲਾਈ ਜ਼ਰੂਰ ਲੈਣੀ ਚਾਹੀਦੀ ਹੈ।
ਅੰਤ ਵਿੱਚ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਡੇਅਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੀ ਸਿਖਲਾਈ ਲੈਣੀ ਚਾਹੀਦੀ ਹੈ। ਇਹ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰ, ਪੰਜਾਬ ਡੇਅਰੀ ਵਿਕਾਸ ਬੋਰਡ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੁਆਰਾ ਕਰਵਾਈ ਜਾਂਦੀ ਹੈ। ਇਸ ਸਿਖਲਾਈ ਨਾਲ, ਜਿਥੇ ਕਿਸਾਨਾਂ ਨੂੰ ਡੇਅਰੀ ਬਾਰੇ ਮੁੱਢਲੀ ਜਾਣਕਾਰੀ ਮਿਲਦੀ ਹੈ, ਉਥੇ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸਬਸਿਡੀਆਂ ਦਾ ਵੀ ਲਾਭ ਉਠਾ ਸਕਦੇ ਹਨ।
COMMENTS