ਪੰਜਾਬ ਦੀ ਖੇਤੀਬਾੜੀ ਅਕਸਰ ਕਣਕ-ਝੋਨੇ ਦੇ ਰਵਾਇਤੀ ਚੱਕਰ 'ਚ ਘਿਰੀ ਰਹਿੰਦੀ ਹੈ, ਜਿਸਦਾ ਜ਼ਮੀਨ ਦੀ ਸਿਹਤ ਅਤੇ ਕਿਸਾਨਾਂ ਦੀ ਆਰਥਿਕਤਾ ਦੋਵਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਇਸ ਰਵਾ
ਪੰਜਾਬ ਦੀ ਖੇਤੀਬਾੜੀ ਅਕਸਰ ਕਣਕ-ਝੋਨੇ ਦੇ ਰਵਾਇਤੀ ਚੱਕਰ ‘ਚ ਘਿਰੀ ਰਹਿੰਦੀ ਹੈ, ਜਿਸਦਾ ਜ਼ਮੀਨ ਦੀ ਸਿਹਤ ਅਤੇ ਕਿਸਾਨਾਂ ਦੀ ਆਰਥਿਕਤਾ ਦੋਵਾਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਇਸ ਰਵਾਇਤ ਨੂੰ ਤੋੜਦਿਆਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਦੀ ਰਹਿਣ ਵਾਲੀ ਬੀਬੀ ਗੁਰਮੀਤ ਕੌਰ ਨੇ ਵਿਭਿੰਨਤਾ ਅਤੇ ਏਕੀਕ੍ਰਿਤ ਖੇਤੀ ਦੀਆਂ ਉੱਨਤ ਤਕਨੀਕਾਂ ਨੂੰ ਅਪਣਾ ਕੇ ਨਾ ਸਿਰਫ਼ ਆਪਣੀ 8 ਏਕੜ ਦੀ ਜ਼ਮੀਨ ਨੂੰ ਲਾਹੇਵੰਦ ਬਣਾਇਆ ਹੈ, ਬਲਕਿ ਪੰਜਾਬ ਦੀਆਂ ਹੋਰ ਔਰਤਾਂ ਅਤੇ ਕਿਸਾਨਾਂ ਲਈ ਵੀ ਇੱਕ ਪ੍ਰੇਰਣਾ ਸ੍ਰੋਤ ਬਣੀ ਹੈ। ਉਸਨੇ ਖੇਤੀ ਨੂੰ ਸਿਰਫ਼ ਇੱਕ ਰੋਜ਼ੀ-ਰੋਟੀ ਦਾ ਸਾਧਨ ਨਹੀਂ, ਸਗੋਂ ਇੱਕ ਆਧੁਨਿਕ ਕਾਰੋਬਾਰ ਵਜੋਂ ਸਥਾਪਿਤ ਕੀਤਾ ਹੈ।
ਗੁਰਮੀਤ ਕੌਰ ਇੱਕ ਖੇਤੀਬਾੜੀ ਪਰਿਵਾਰ ਤੋਂ ਹੈ। ਬਚਪਨ ਤੋਂ ਹੀ ਉਸਨੂੰ ਖੇਤੀ ਨਾਲ ਲਗਾਵ ਸੀ ਅਤੇ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ‘ਚ ਹੱਥ ਵਟਾਉਂਦੇ ਸੀ। ਵਿਆਹ ਤੋਂ ਬਾਅਦ ਵੀ, ਉਸ ਨੇ ਖੇਤੀ ਨੂੰ ਹੀ ਆਪਣਾ ਮੁੱਖ ਕਾਰੋਬਾਰ ਬਣਾਇਆ। ਉਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਨਵੇਂ ਪ੍ਰਯੋਗ ਕਰਨ ਤੋਂ ਕਦੇ ਨਹੀਂ ਝਿਜਕਦੇ। ਉਹ ਲਗਾਤਾਰ ਖੇਤੀ ਅਤੇ ਬਾਗਬਾਨੀ ਵਿਭਾਗ ਦੇ ਖੇਤੀ ਵਿਗਿਆਨੀਆਂ ਦੀ ਸਲਾਹ ਲੈਂਦੀ ਹੈ ਅਤੇ ਫਾਰਮ ‘ਤੇ ਆਧੁਨਿਕ ਖੇਤੀ ਦੇ ਕਈ ਤਰੀਕਿਆਂ ਦੀ ਵਰਤੋਂ ਵੀ ਕਰਦੀ ਹੈ। ਇਸ ਤੋਂ ਇਲਾਵਾ ਗੁਰਮੀਤ ਪਹਿਲਾਂ ਆਪਣੇ ਖੇਤਰ ਦੀ ਗ੍ਰਾਮ ਸਹਿਕਾਰੀ ਕਮੇਟੀ ਅਤੇ ਗ੍ਰਾਮ ਪੰਚਾਇਤ ਦੀ ਸਾਬਕਾ ਮੈਂਬਰ ਅਤੇ ਗ੍ਰਾਮ ਮਹਿਲਾ ਮੰਡਲ ਦੀ ਸਾਬਕਾ ਪ੍ਰਧਾਨ ਵੀ ਰਹਿ ਚੁੱਕੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ‘ਚ ਸਮਾਜਿਕ ਜਾਗਰੂਕਤਾ ਵੀ ਬਹੁਤ ਹੈ।
ਖੇਤੀ ਵਿਭਿੰਨਤਾ ਦਾ ਮਾਡਲ:
ਗੁਰਮੀਤ ਕੌਰ ਨੇ ਕਿਸੇ ਇੱਕ ਫ਼ਸਲ ‘ਤੇ ਨਿਰਭਰਤਾ ਘਟਾਉਣ ਲਈ ਖੇਤੀ ਵਿਭਿੰਨਤਾ ਪ੍ਰਣਾਲੀ ਨੂੰ ਅਪਣਾਇਆ। ਇਹ ਪ੍ਰਣਾਲੀ ਅੱਜ ਦੇ ਸਮੇਂ ‘ਚ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਕਿਸਾਨਾਂ ਨੂੰ ਇੱਕ ਸਥਾਈ ਅਤੇ ਬਹੁ-ਮੁਖੀ ਆਮਦਨ ਦਾ ਸਰੋਤ ਪ੍ਰਦਾਨ ਕਰਦੀ ਹੈ। ਉਸ ਨੇ ਆਪਣੀ 8 ਏਕੜ ਦੀ ਜ਼ਮੀਨ ਨੂੰ ਇਸ ਤਰ੍ਹਾਂ ਵੰਡਿਆ ਹੈ:
- ਬਾਗਬਾਨੀ ਅਤੇ ਲੱਕੜ: ਉਸਨੇ 4 ਏਕੜ ਜ਼ਮੀਨ ‘ਤੇ ਚਿਨਾਰ ਦੇ ਰੁੱਖ ਲਗਾਏ ਹਨ। ਇਹ ਇੱਕ ਲਾਭਦਾਇਕ ਲੰਬੇ ਸਮੇਂ ਦੀ ਫਸਲ ਹੈ। ਉਸਨੇ 4 ਏਕੜ ‘ਤੇ ਚਿਨਾਰ ਦੀ ਖੇਤੀ ਤੋਂ 9 ਲੱਖ ਰੁਪਏ ਕਮਾਏ।
- ਸਬਜ਼ੀਆਂ ਦੀ ਖੇਤੀ: 2 ਏਕੜ ਵਿੱਚ ਉਹ ਸਬਜ਼ੀਆਂ ਦੀ ਖੇਤੀ ਕਰਦੇ ਹਨ, ਜਿਸ ‘ਚ ਰਵਾਇਤੀ ਅਤੇ ਇੰਟਰਕ੍ਰੌਪਿੰਗ ਦੋਵੇਂ ਤਰੀਕੇ ਸ਼ਾਮਲ ਹਨ।
- ਫਸਲਾਂ ਅਤੇ ਪਸ਼ੂ ਚਾਰਾ: ਗੁਰਮੀਤ 1.5 ਏਕੜ ਵਿੱਚ ਮੱਕਾ ਅਤੇ ਅੱਧੇ ਏਕੜ ਵਿੱਚ ਪਸ਼ੂਆਂ ਦਾ ਚਾਰਾ ਉਗਾਉਂਦੀ ਹੈ।
ਸਹਾਇਕ ਧੰਦੇ:
ਵਿਭਿੰਨਤਾ ਵਿੱਚ ਸਿਰਫ਼ ਫ਼ਸਲਾਂ ਹੀ ਨਹੀਂ, ਸਗੋਂ ਖੇਤੀ ਨਾਲ ਜੁੜੇ ਹੋਰ ਸੈਕਟਰ ਵੀ ਸ਼ਾਮਲ ਹਨ। ਗੁਰਮੀਤ ਕੌਰ ਨੇ ਕਈ ਸਹਾਇਕ ਕਾਰੋਬਾਰ ਵੀ ਅਪਣਾਏ ਹਨ।
- ਡੇਅਰੀ ਫਾਰਮਿੰਗ: ਗੁਰਮੀਤ ਕੋਲ 6 ਦੁੱਧ ਦੇਣ ਵਾਲੀਆਂ ਗਾਵਾਂ ਅਤੇ 8 ਛੋਟੇ ਵੱਛੇ ਹਨ। ਉਹ ਆਪਣੇ ਪਿੰਡ ਵਿੱਚ ਰੋਜ਼ਾਨਾ 15 ਤੋਂ 16 ਲੀਟਰ ਦੁੱਧ ਵੇਚਦੀ ਹੈ, ਜਿਸ ਤੋਂ ਉਸਨੂੰ ਪ੍ਰਤੀ ਦਿਨ ਲਗਭਗ 700 ਰੁਪਏ ਦੀ ਆਮਦਨ ਹੁੰਦੀ ਹੈ।
- ਬੈਕਯਾਰਡ ਮੁਰਗੀ ਪਾਲਣ: ਉਸ ਨੇ ਛੋਟੇ ਪੱਧਰ ‘ਤੇ ਮੁਰਗੀ ਪਾਲਣ ਦੀ ਯੂਨਿਟ ਵੀ ਸਥਾਪਤ ਕੀਤੀ ਹੋਈ ਹੈ, ਜੋ ਵਾਧੂ ਆਮਦਨ ਦਾ ਸਰੋਤ ਹੈ।
- ਮਧੂ-ਮੱਖੀ ਪਾਲਣ: ਗੁਰਮੀਤ ਨੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਤੋਂ ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਵੀ ਲਈ ਹੋਈ ਹੈ, ਜੋ ਇੱਕ ਹੋਰ ਲਾਹੇਵੰਦ ਸਹਾਇਕ ਧੰਦਾ ਹੈ।
ਇੰਟਰਕ੍ਰੌਪਿੰਗ ਅਤੇ ਆਧੁਨਿਕ ਤਕਨੀਕਾਂ ਦਾ ਇਸਤੇਮਾਲ
ਗੁਰਮੀਤ ਕੌਰ ਦੀ ਮੁਹਾਰਤ ਉਨ੍ਹਾਂ ਦੀ ਇੰਟਰਕ੍ਰੌਪਿੰਗ ਤਕਨੀਕ ‘ਚ ਹੈ, ਜਿੱਥੇ ਉਹ ਇੱਕੋ ਸਮੇਂ ਇੱਕ ਤੋਂ ਵੱਧ ਫ਼ਸਲਾਂ ਉਗਾਉਂਦੇ ਹਨ, ਜਿਸ ਨਾਲ ਜ਼ਮੀਨ ਦੀ ਵਰਤੋਂ ਵੱਧ ਤੋਂ ਵੱਧ ਹੁੰਦੀ ਹੈ।
- ਹਾੜੀ ਦਾ ਸੀਜ਼ਨ (ਰੱਬੀ): ਉਹ ਕਣਕ ਦੇ ਨਾਲ ਫੁੱਲਗੋਭੀ ਦੀ ਖੇਤੀ ਕਰਦੀ ਅਤੇ ਚਿਨਾਰ ਦੇ ਖੇਤ ਵਿੱਚ ਸਰ੍ਹੋਂ ਦੀ ਫ਼ਸਲ ਲਗਾਉਂਦੀ ਹੈ।
- ਸਾਉਣੀ ਦਾ ਸੀਜ਼ਨ (ਖਰੀਫ): ਗੁਰਮੀਤ ਚਿਨਾਰ ਦੇ ਨਾਲ ਘੀਆ (ਲੌਕੀ) ਦੀ ਇੰਟਰਕ੍ਰੌਪਿੰਗ ਵੀ ਕਰਦੀ ਹੈ।
ਜ਼ਿਕਰਯੋਗ ਉਹ ਇੰਟਰਕ੍ਰੌਪਿੰਗ ਤਕਨੀਕ ਨਾਲ ਵਧੀਆ ਆਮਦਨ ਕਮਾ ਰਹੀ ਹੈ। ਇਸ ਤੋਂ ਇਲਾਵਾ ਉਹ ਭਿੰਡੀ ਦੀ ਖੇਤੀ ਲਈ ਨਵੀਆਂ ਅਤੇ ਉੱਨਤ ਖੇਤੀ ਵਿਧੀਆਂ ਅਪਣਾਉਂਦੀ ਹੈ, ਜਿਸ ਨਾਲ ਫ਼ਸਲ ਦੀ ਉਪਜ ਵਿੱਚ ਸੁਧਾਰ ਹੁੰਦਾ ਹੈ।
ਮਿੱਟੀ ਦੀ ਸਿਹਤ ਅਤੇ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧਤਾ
ਗੁਰਮੀਤ ਕੌਰ ਸਿਰਫ਼ ਆਰਥਿਕ ਮੁਨਾਫ਼ੇ ‘ਤੇ ਹੀ ਨਹੀਂ, ਸਗੋਂ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹਨ।
- ਮਿੱਟੀ ਦੀ ਪਰਖ: ਉਹ ਹਮੇਸ਼ਾ ਹੀ ਖੇਤਾਂ ਵਿੱਚ ਖਾਦ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉਂਦੀ ਹੈ, ਤਾਂ ਜੋ ਫ਼ਸਲਾਂ ਨੂੰ ਸੰਤੁਲਿਤ ਪੋਸ਼ਕ ਤੱਤ ਮਿਲ ਸਕੇ।
- ਫਾਰਮ ਯਾਰਡ ਖਾਦ: ਉਹ ਰਸਾਇਣਕ ਖਾਦਾਂ ਦੀ ਬਜਾਏ ਫਾਰਮ ਯਾਰਡ ਮੈਨਿਓਰ (FYM) ਦੀ ਵਰਤੋਂ ਕਰਦੀ ਹੈ। ਇਹ ਖਾਦ ਪਸ਼ੂਆਂ ਦੇ ਗੋਬਰ, ਮੂਤਰ, ਵਿਅਰਥ ਚਾਰੇ ਅਤੇ ਹੋਰ ਡੇਅਰੀ ਕੂੜੇ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਂਦੀ ਹੈ, ਜੋ ਮਿੱਟੀ ਲਈ ਇੱਕ ਸੰਤੁਲਿਤ ਪੋਸ਼ਕ ਤੱਤ ਦਾ ਕੰਮ ਕਰਦੀ ਹੈ।
- ਖੇਤੀ ਕਚਰਾ ਪ੍ਰਬੰਧਨ: ਉਹ ਖੇਤੀ ਤੋਂ ਨਿਕਲਣ ਵਾਲੇ ਕਚਰੇ ਜਾਂ ਪਰਾਲੀ ਨੂੰ ਸਾੜਨ ਦੀ ਬਜਾਏ ਜ਼ਮੀਨ ਵਿੱਚ ਮਿਲਾ ਦਿੰਦੀ ਹੈ। ਇਸ ਨਾਲ ਮਿੱਟੀ ਦੇ ਕਾਰਬਨਿਕ ਪਦਾਰਥ ਬਣੇ ਰਹਿੰਦੇ ਹਨ, ਜੋ ਮਿੱਟੀ ਦੀ ਉਪਜਾਊ ਸ਼ਕਤੀ ਲਈ ਬਹੁਤ ਜ਼ਰੂਰੀ ਹਨ।
- ਵਿਗਿਆਨਕ ਸਲਾਹ: ਗੁਰਮੀਤ ਕੌਰ ਖੇਤੀ ਵਿਗਿਆਨੀਆਂ ਦੀ ਸਲਾਹ ‘ਤੇ ਹੀ ਰਸਾਇਣਾਂ ਅਤੇ ਖਾਦਾਂ ਦੀ ਸੀਮਤ ਵਰਤੋਂ ਕਰਦੀ ਹੈ।
ਸਰਕਾਰੀ ਸਹਾਇਤਾ ਅਤੇ ਸਵੈ-ਮੰਡੀਕਰਨ
ਗੁਰਮੀਤ ਨੇ ਸਫਲਤਾ ਪ੍ਰਾਪਤ ਕਰਨ ਲਈ ਸਰਕਾਰੀ ਯੋਜਨਾਵਾਂ ਅਤੇ ਆਧੁਨਿਕ ਗਿਆਨ ਦੀ ਸਹੀ ਵਰਤੋਂ ਕੀਤੀ ਹੈ। ਉਸ ਨੇ ਆਤਮਾ ਯੋਜਨਾ (ATMA Scheme) ਦੇ ਤਹਿਤ ਆਯੋਜਿਤ ਸੈਮੀਨਾਰਾਂ ਅਤੇ ਫਾਰਮ ਟ੍ਰੇਨਿੰਗ ਕੈਂਪਾਂ ‘ਚ ਲਗਾਤਾਰ ਹਿੱਸਾ ਲਿਆ। ਇਸ ਦੇ ਨਾਲ ਹੀ ਉਸਦੇ ਫਾਰਮ ‘ਤੇ ਖੇਤੀ ਦੀਆਂ ਨਵੀਨਤਮ ਤਕਨੀਕਾਂ ‘ਤੇ ਪ੍ਰਦਰਸ਼ਨ ਵੀ ਆਯੋਜਿਤ ਕੀਤੇ ਜਾਂਦੇ ਹਨ। ਦੱਸਣਯੋਗ, ਉਸ ਨੂੰ ਖੇਤੀ ਅਤੇ ਬਾਗਬਾਨੀ ਵਿਭਾਗ ਤੋਂ ਬੀਜਾਂ, ਕੀਟਨਾਸ਼ਕਾਂ, ਸਪਰੇਅ ਪੰਪਾਂ ਅਤੇ ਖੇਤੀ ਉਪਕਰਨਾਂ ‘ਤੇ ਸਬਸਿਡੀਦੀ ਸਹੂਲਤ ਵੀ ਮਿਲੀ ਹੈ।
ਉਸਦੇ ਕਾਰੋਬਾਰ ਦੀ ਇੱਕ ਹੋਰ ਖਾਸ ਗੱਲ ਸਵੈ-ਮੰਡੀਕਰਨ ਹੈ। ਉਸ ਦਾ ਫਾਰਮ ਸਥਾਨਕ ਬਾਜ਼ਾਰ ਨਾਲ ਸਿੱਧਾ ਜੁੜਿਆ ਹੋਇਆ ਹੈ। ਗੁਰਮੀਤ ਕੋਲ ਅਨਾਜ ਦੇ ਭੰਡਾਰਨ ਲਈ ਗੋਦਾਮ ਦੀ ਵੀ ਵਿਵਸਥਾ ਹੈ। ਜਦੋਂ ਬਾਜ਼ਾਰ ‘ਚ ਕਿਸੇ ਫ਼ਸਲ ਦਾ ਉਤਪਾਦਨ ਜ਼ਿਆਦਾ ਹੋ ਜਾਂਦਾ ਹੈ ਤਾਂ ਉਹ ਆਪਣੀ ਫ਼ਸਲ ਨੂੰ ਭੰਡਾਰ ਕਰ ਲੈਂਦੇ ਹਨ ਅਤੇ ਸਹੀ ਸਮਾਂ ਆਉਣ ‘ਤੇ ਵੇਚਦੀ ਹੈ, ਜਿਸ ਨਾਲ ਉਸ ਨੂੰ ਆਪਣੀ ਉਪਜ ਦਾ ਵਧੀਆ ਮੁੱਲ ਮਿਲਦਾ ਹੈ।
ਬੀਬੀ ਗੁਰਮੀਤ ਕੌਰ ਦੀ ਕਹਾਣੀ ਆਧੁਨਿਕ ਖੇਤੀ ਅਤੇ ਉੱਦਮਤਾ ਦਾ ਇੱਕ ਸ਼ਾਨਦਾਰ ਉਦਾਹਰਨ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਲਗਨ, ਨਵੀਨਤਾਕਾਰੀ ਸੋਚ ਅਤੇ ਵਿਗਿਆਨਕ ਤਰੀਕਿਆਂ ਨੂੰ ਅਪਣਾ ਕੇ, ਇੱਕ ਕਿਸਾਨ ਵੀ, ਖਾਸ ਕਰਕੇ ਇੱਕ ਮਹਿਲਾ ਕਿਸਾਨ, ਖੇਤੀ ਨੂੰ ਇੱਕ ਲਾਭਕਾਰੀ ਅਤੇ ਸਥਾਈ ਕਾਰੋਬਾਰ ‘ਚ ਬਦਲ ਸਕਦੀ ਹੈ। ਉਹ ਪੰਜਾਬ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਲਈ ਇੱਕ ਰਾਹ ਦਸੇਰਾ ਹਨ ਜੋ ਖੇਤੀ ਨੂੰ ਨਵੇਂ ਨਜ਼ਰੀਏ ਨਾਲ ਦੇਖਣਾ ਚਾਹੁੰਦੀਆਂ ਹਨ ਅਤੇ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਨਾ ਚਾਹੁੰਦੀਆਂ ਹਨ। ਉਸ ਦਾ ਏਕੀਕ੍ਰਿਤ ਖੇਤੀ ਮਾਡਲ ਅੱਜ ਪੰਜਾਬ ਦੀ ਲੋੜ ਹੈ, ਜੋ ਨਾ ਸਿਰਫ਼ ਆਮਦਨ ਵਧਾਉਂਦਾ ਹੈ, ਸਗੋਂ ਵਾਤਾਵਰਣ ਦੀ ਸੰਭਾਲ ਵੀ ਕਰਦਾ ਹੈ।
COMMENTS