ਦੋ ਦਹਾਕੇ ਪਹਿਲਾਂ ਸੁਖਜੀਤ ਸਿੰਘ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਜ਼ਹਿਰਾਂ ਤੋਂ ਬਚਾਉਣ ਲਈ ਇਹ ਫੈਸਲਾ ਲਿਆ
ਦੋ ਦਹਾਕੇ ਪਹਿਲਾਂ ਸੁਖਜੀਤ ਸਿੰਘ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਜ਼ਹਿਰਾਂ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਗਿਆ ਸੀ। ਸਮੇਂ ਦੇ ਨਾਲ ਮਿਲੇ ਲੰਬੇ ਤਜਰਬੇ ਨੇ ਉਨ੍ਹਾਂ ਨੂੰ ਨਵੀਨਤਮ ਸੋਚ ਵਾਲੇ ਕਿਸਾਨਾਂ ਵਿੱਚ ਸ਼ਾਮਿਲ ਕਰ ਦਿੱਤਾ। ਉਹ ਲੁਧਿਆਣਾ ਦੇ ਦੀਵਾਲਾ ਪਿੰਡ ਦੇ ਵਸਨੀਕ ਹਨ ਅਤੇ ਉਥੇ ਹੀ ਉਹ ਆਲੂ ਦੇ ਸੀਡ ਦਾ ਵਿਸ਼ੇਸ਼ ਕੰਮ ਕਰ ਰਹੇ ਹਨ ਅਤੇ ਚੰਗੇ ਤੇ ਭਰੋਸੇਯੋਗ ਬੀਜਾਂ ਲਈ ਕਿਸਾਨ ਦੂਰ–ਦੂਰੋਂ ਉਨ੍ਹਾਂ ਕੋਲ ਆ ਰਹੇ ਹਨ। ਸੁਖਜੀਤ ਸਿੰਘ ਮੰਨਦੇ ਹਨ ਕਿ ਰਵਾਇਤੀ ਖੇਤੀ ਛੱਡਣ ਤੋਂ ਪਹਿਲਾਂ ਹਿੰਮਤ ਨਾਲ ਪਹਿਲਾ ਕਦਮ ਚੁੱਕਣਾ ਜ਼ਰੂਰੀ ਹੁੰਦਾ ਹੈ, ਅੱਗੇ ਦੇ ਰਾਹ ਆਪਣੇ ਆਪ ਬਣਦੇ ਜਾਂਦੇ ਹਨ।
ਜੈਵਿਕ ਖੇਤੀ ਦੀ ਸ਼ੁਰੂਆਤ

ਸਾਲ 2008 ਵਿੱਚ ਸੁਖਜੀਤ ਸਿੰਘ ਨੂੰ ਸਿਹਤ ਸੰਬੰਧੀ ਸਮੱਸਿਆ ਆਈ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ, ਸਾਡੀ ਖੁਰਾਕ ਸਹੀ ਨਹੀਂ। ਇਸ ਅਹਿਸਾਸ ਤੋਂ ਬਾਅਦ ਉਨ੍ਹਾਂ ਨੇ 1 ਏਕੜ ਵਿੱਚ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ। ਸਮੇਂ ਦੇ ਨਾਲ ਉਨ੍ਹਾਂ ਆਪਣੀ ਬਹੁਤੀ ਜਮੀਨ ਜੈਵਿਕ ਖੇਤੀ ਦੇ ਅੰਦਰ ਲੈ ਆਂਦੀ ਜੋ ਪੰਜਾਬ ਐਗਰੋ ਕੋਲ ਵੀ ਰਜਿਸਟਰ਼ਡ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੈਵਿਕ ਉਤਪਾਦ ਦੀ ਆਪਣੀ ਸਮਝ ਹੈ ਅਤੇ ਵਧੇਰੇ ਕੀਮਤ ਵੀ, ਸਾਡੇ ਕੋਲ ਮਿੱਤਰ ਜੈਵਿਕ ਉਤਪਾਦ ਖਰੀਦ ਲੈਂਦੇ ਹਨ।

ਉਹ ਦੱਸਦੇ ਹਨ ਕਿ ਸਿਰਫ਼ ਇਨਸਾਨ ਦੀ ਖੁਰਾਕ ਹੀ ਨਹੀਂ, ਪਸ਼ੂਆਂ ਦਾ ਚਾਰਾ ਵੀ ਜੈਵਿਕ ਹੋਣਾ ਚਾਹੀਦਾ ਹੈ। ਆਖਿਰਕਾਰ ਜੈਵਿਕ ਚਾਰੇ ਦਾ ਅਸਰ ਦੁੱਧ ’ਤੇ ਪੈਂਦਾ ਹੈ ਅਤੇ ਦੁੱਧ ਸਿਹਤ ਨਾਲ ਜੁੜਿਆ ਹੋਇਆ ਹੈ। ਬੇਵਜ੍ਹਾ ਯੂਰੀਆ ਵਰਤਣਾ ਠੀਕ ਨਹੀਂ, ਇਸ ਨਾਲ ਪਸ਼ੂਆਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚਾਰਾ ਮਾੜੀ ਜ਼ਮੀਨ ਵਿੱਚ ਕਿਉਂ ਬੀਜੀਏ? ਚੰਗੀ ਜ਼ਮੀਨ ਵਿੱਚ ਬੀਜੋਗੇ ਤਾਂ ਉਤਪਾਦ ਵੀ ਚੰਗਾ ਮਿਲੇਗਾ।
ਆਲੂ ਦੇ ਸੀਡ ਦਾ ਉਤਪਾਦਨ

ਆਪਣੀ ਨਵੀਨਤਮ ਸੋਚ ਨਾਲ ਅੱਗੇ ਵਧਦਿਆਂ ਸੁਖਜੀਤ ਸਿੰਘ ਆਲੂ, ਕਣਕ ਅਤੇ ਹਾਈਬ੍ਰਿਡ ਮੱਕੀ ਦੇ ਬੀਜ ਤਿਆਰ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸਮਰਾਲਾ ਦੇ ਨਾਂ ਹੇਠ ਐੱਫਪਓ ਕੰਪਨੀ ਰਜਿਸਟਰ ਕਰਵਾਈ ਹੈ, ਜਿਸ ਵਿਚ ਉਹ ਕਿਸਾਨਾਂ ਨਾਲ ਕਾਂਟ੍ਰੈਕਟ ਫਾਰਮਿੰਗ ਵੀ ਕਰਵਾਉਂਦੇ ਹਨ, ਜਿਸਦਾ ਉਨ੍ਹਾਂ ਦਾ ਤਜਰਬਾ ਸਕਾਰਾਤਮਕ ਰਿਹਾ ਹੈ। ਉਹ ਕਹਿੰਦੇ ਹਨ ਕਿ ਜੇ ਕੰਪਨੀ ਵੀ ਕਮਾਵੇ ਅਤੇ ਕਿਸਾਨ ਨੂੰ ਵੀ ਵੱਧ ਕਮਾਈ ਹੋਵੇ, ਤਾਂ ਇਹ ਸੌਦਾ ਮਾੜਾ ਨਹੀਂ। ਕਈ ਵਾਰ ਕਿਸਾਨ ਸੋਚ ਲੈਂਦੇ ਹਨ ਕਿ ਕੰਪਨੀਆਂ ਸਾਡੇ ਸਿਰ ਤੋਂ ਕਮਾ ਰਹੀਆਂ ਹਨ, ਪਰ ਸਹੀ ਸਮਝੌਤਾ ਦੋਹਾਂ ਪਾਸਿਆਂ ਲਈ ਲਾਭਦਾਇਕ ਹੋ ਸਕਦਾ ਹੈ।

ਸੁਖਜੀਤ ਸਿੰਘ ਕੋਲ ਆਲੂ ਦੇ ਤਕਰੀਬਨ ਸਾਰੇ ਬੀਜ ਉਪਲਬਧ ਹਨ, ਜਿਵੇਂ ਕਿ ਚਿਪਸੋਨਾ, ਐੱਲ ਆਰ, ਨੀਲਕੰਠ, ਫ੍ਰਾਈ ਸੋਨਾ, ਪੁਖਰਾਜ, 102 ਅਤੇ ਡਾਇਮੰਡ। ਉਨ੍ਹਾਂ ਦੀ ਪ੍ਰਸਿੱਧੀ ਆਲੂ ਦੇ ਬੀਜਾਂ ਵਿੱਚ ਕਾਫੀ ਹੈ ਅਤੇ ਪੰਜਾਬ ਵਿੱਚ ਕਈ ਥਾਈ ਉਨ੍ਹਾਂ ਦਾ ਬੀਜ ਪਹੁੰਚਦਾ ਹੈ। ਆਪਣੇ ਇਲਾਕੇ ਵਿੱਚ ਉਨ੍ਹਾਂ ਦੇ ਕੰਮ ਨਾਲ ਕਿਸਾਨਾਂ ਨੂੰ ਭਰੋਸੇਯੋਗ ਬੀਜ ਅਤੇ ਮਾਰਕੀਟ ਦੋਵੇਂ ਹਾਸਲ ਹੁੰਦੀਆਂ ਹਨ।

ਉਹ ਕਹਿੰਦੇ ਹਨ ਕਿ ਕਿਸਾਨ ਨੂੰ ਆਪਣੇ ਕੰਮ ਦੀ ਪੂਰੀ ਸਮਝ ਰੱਖਣੀ ਚਾਹੀਦੀ ਹੈ। ਕਿਸਾਨਾ ਮੇਲਿਆਂ, ਆਪਣੇ ਇਲਾਕੇ ਦੀਆਂ ਖੇਤੀ ਸੰਸਥਾਵਾਂ ਜਿਵੇ ਕ੍ਰਿਸ਼ੀ ਵਿਗਿਆਨ ਕੇਂਦਰ ਆਦਿ ਨਾਲ ਲਗਾਤਾਰ ਸੰਪਰਕ ਰੱਖਣਾ ਚਾਹੀਦਾ ਹੈ। ਖੇਤੀ ਬਾਰੇ ਲਗਾਤਾਰ ਜਾਗਰੂਕ ਹੋਣਾ ਹੀ ਬਦਲਦੇ ਸਮੇਂ ਵਿੱਚ ਕਿਸਾਨ ਨੂੰ ਹਾਣੀ ਤੋਂ ਬਚਾ ਸਕਦਾ ਹੈ। ਵਿਗਿਆਨਕ ਜਾਣਕਾਰੀ ਵੀ ਮੌਜੂਦਾ ਸਮੇਂ ਦੀ ਮੰਗ ਹੈ, ਤਕਨੀਕ ਦਾ ਬਦਲਦਾ ਸਰੂਪ ਵੀ ਇੱਕ ਪੱਖ ਹੈ, ਜੇਕਰ ਕਿਸਾਨ ਆਪਣੇ ਕੰਮ ਵਿੱਚ ਲਗਾਤਾਰ ਸਿੱਖਦਾ ਰਹੇਗਾ ਅਤੇ ਹੋਰ ਸਫ਼ਲ ਕਿਸਾਨਾਂ ਤੋਂ ਸਿੱਖਦੇ ਰਹੇਗਾ ਤਾਂ ਖੇਤੀ ਚੰਗਾ ਅਤੇ ਲਾਭਦਾਇਕ ਧੰਦਾ ਬਣ ਸਕਦੀ ਹੈ।
COMMENTS