ਸਫਲ ਮਹਿਲਾ ਉੱਦਮੀ ਰਸੋਈ ਦੇ ਬਗੀਚੇ ਵਿੱਚ ਜੈਵਿਕ ਸਬਜ਼ੀਆਂ ਉਗਾਉਂਦੀਆਂ ਹਨ
ਪੰਜਾਬ, ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਉਸ ਨੇ ਪਿਛਲੇ ਕਈ ਦਹਾਕਿਆਂ ਤੋਂ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ‘ਚ ਜੋੜਿਆ ਹੋਇਆ ਹੈ। ਪਰ ਆਧੁਨਿਕ ਸਮੇਂ ਦੀਆਂ ਚੁਣੌਤੀਆਂ ਅਤੇ ਖੇਤੀਬਾੜੀ ਦੀਆਂ ਬਦਲਦੀਆਂ ਮੰਗਾਂ ਨੇ ਕਈ ਪ੍ਰਗਤੀਸ਼ੀਲ ਕਿਸਾਨਾਂ ਨੂੰ ਨਵੇਂ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਹੈ। ਅਜਿਹੇ ਹੀ ਇੱਕ ਕਿਸਾਨ, ਜਸਕਰਨ ਸਿੰਘ, ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਾਉਣੀ ਦਾ ਰਹਿਣ ਵਾਲਾ, ਉਸਨੇ ਆਪਣੇ ਦਿਲ ਦੀ ਸੁਣੀ ਤੇ ਪਰਿਵਾਰਕ ਰਵਾਇਤ ਤੋਂ ਹਟ ਕੇ ਫੈਸਲਾ ਲਿਆ। ਉਸਨੇ ਸਟ੍ਰਾਬੇਰੀ ਦੀ ਖੇਤੀ ਨੂੰ ਆਪਣਾ ਕਾਰੋਬਾਰ ਬਣਾਇਆ।
ਜ਼ਿਕਰਯੋਗ, ਜਸਕਰਨ ਇੱਕ ਕਿਸਾਨੀ ਪਰਿਵਾਰ ਤੋਂ ਹੈ ਅਤੇ ਬਚਪਨ ਤੋਂ ਹੀ ਖੇਤੀਬਾੜੀ ਨਾਲ ਉਸਦਾ ਡੂੰਘਾ ਲਗਾਅ ਰਿਹਾ ਹੈ। ਹਾਲਾਂਕਿ 18 ਸਾਲ ਦੀ ਛੋਟੀ ਉਮਰ ‘ਚ ਹੀ ਉਸ ਨੇ ਖੇਤੀ ਨੂੰ ਆਪਣੀ ਰੋਜ਼ੀ-ਰੋਟੀ ਚੁਣ ਲਿਆ ਸੀ। ਉਸ ਦੇ ਪਿਤਾ ਰਵਾਇਤੀ ਫ਼ਸਲਾਂ ਦੀ ਖੇਤੀ ਕਰਦੇ ਸਨ, ਪਰ ਉਸ ਦੀ ਹਮੇਸ਼ਾ ਕੁਝ ਵੱਖਰਾ ਅਤੇ ਮੰਡੀ ਦੀ ਮੰਗ ਅਨੁਸਾਰ ਕਰਨ ਦੀ ਇੱਛਾ ਸੀ। ਇਸੇ ਸੋਚ ਨਾਲ, ਉਸ ਨੇ ਆਪਣੀ ਕੁੱਲ 8 ਏਕੜ ਜ਼ਮੀਨ ‘ਚੋਂ ਸਾਢੇ ਪੰਜ ਏਕੜ ‘ਚ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ।
ਸਟ੍ਰਾਬੇਰੀ ਦੀ ਖੇਤੀ ਦਾ ਫੈਸਲਾ ਅਤੇ ਚੁਣੌਤੀਆਂ
ਜਸਕਰਨ ਲਈ ਸਟ੍ਰਾਬੇਰੀ ਦੀ ਖੇਤੀ ਦਾ ਫੈਸਲਾ ਕੋਈ ਸੌਖਾ ਨਹੀਂ ਸੀ। ਉਸ ਦੇ ਪਰਿਵਾਰਕ ਮੈਂਬਰ ਸ਼ੁਰੂ ‘ਚ ਇਸ ਨਵੇਂ ਪ੍ਰਯੋਗ ਤੋਂ ਖੁਸ਼ ਨਹੀਂ ਸਨ, ਕਿਉਂਕਿ ਕਿਸੇ ਵੀ ਨਵੇਂ ਕੰਮ ਵਿੱਚ ਨੁਕਸਾਨ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ। ਫਿਰ ਵੀ, ਉਸ ਨੇ ਆਪਣੇ ਦਿਲ ਦੀ ਸੁਣੀ ਅਤੇ ਪਿੱਛੇ ਨਹੀਂ ਹਟਿਆ। ਸ਼ੁਰੂਆਤ ‘ਚ, ਉਸ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਇਹ ਖੇਤੀ ਸ਼ੁਰੂ ਕੀਤੀ।
ਉਸ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਤੁਹਾਨੂੰ ਦਿਨ ਵਿੱਚ ਘੱਟੋ-ਘੱਟ 12 ਘੰਟੇ ਦੇਣੇ ਪੈਂਦੇ ਹਨ। ਉਹ ਕਹਿੰਦਾ ਹੈ ਕਿ ਜਿਹੜੇ ਕਿਸਾਨ ਇਹ ਖੇਤੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣਾ ਪਵੇਗਾ।
ਮਿਹਨਤ ਦੀ ਇਹ ਕਸੌਟੀ ਉਦੋਂ ਹੋਰ ਸਖ਼ਤ ਹੋ ਗਈ ਜਦੋਂ ਉਸ ਦੇ ਦੋਸਤਾਂ ਨੇ ਕੁਝ ਸਮੇਂ ਬਾਅਦ ਸਟ੍ਰਾਬੇਰੀ ਦੀ ਖੇਤੀ ਛੱਡ ਕੇ ਹੋਰ ਖੇਤਰਾਂ ਵੱਲ ਰੁਖ਼ ਕਰ ਲਿਆ। ਪਰ ਉਸ ਨੇ ਇਕੱਲੇ ਹੀ ਆਪਣੇ ਰਾਹ ‘ਤੇ ਅੱਗੇ ਵਧਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਇਸ ਨੇ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਗਬਾਨੀ ਨਾਲ ਸੰਬੰਧਤ ਟ੍ਰੇਨਿੰਗ ਵੀ ਲਈ, ਜੋ ਕਿਸੇ ਵੀ ਨਵੇਂ ਉੱਦਮ ਲਈ ਬੁਨਿਆਦੀ ਜ਼ਰੂਰਤ ਹੈ।
ਨੌਜਵਾਨਾਂ ਲਈ ਪ੍ਰੇਰਨਾ
ਜਸਕਰਨ ਅੱਜ ਦੇ ਪੰਜਾਬੀ ਨੌਜਵਾਨਾਂ ਦੀ ਸੋਚ ਨੂੰ ਬਦਲਣਾ ਚਾਹੁੰਦੇ ਹਨ। ਉਹ ਮੰਨਦਾ ਹੈ ਕਿ ਅੱਜ ਦੇ ਨੌਜਵਾਨ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਂ ਨੌਕਰੀ ਕਰਨ ਵੱਲ ਵਧੇਰੇ ਝੁਕਾਅ ਰੱਖਦੇ ਹਨ, ਜਦਕਿ ਉਹ ਖੇਤੀਬਾੜੀ ਨੂੰ ਇੱਕ ਕਾਰੋਬਾਰ ਵਜੋਂ ਨਹੀਂ ਦੇਖਦੇ। ਪਰ ਉਸਨੇ ਇਸ ਰਵਾਇਤੀ ਸੋਚ ਨੂੰ ਚੁਣੌਤੀ ਦਿੱਤੀ ਅਤੇ ਸਟ੍ਰਾਬੇਰੀ ਦੀ ਖੇਤੀ ਨੂੰ ਇੱਕ ਲਾਹੇਵੰਦ ਵਿਕਲਪ ਵਜੋਂ ਚੁਣਿਆ।
ਉਹ ਸਮਝਦਾ ਹੈ ਕਿ ਇੱਕ ਵਾਰ ਜਦੋਂ ਇਹ ਖੇਤੀ ਸ਼ੁਰੂ ਹੋ ਜਾਂਦੀ ਹੈ, ਤਾਂ ਇਹ ਰਵਾਇਤੀ ਫਸਲਾਂ ਦੇ ਮੁਕਾਬਲੇ ਵਧੀਆ ਮੁਨਾਫ਼ਾ ਦਿੰਦੀ ਹੈ। ਅੱਜ, ਉਸ ਦੁਆਰਾ ਉਗਾਈ ਗਈ ਸਟ੍ਰਾਬੇਰੀ ਕਈ ਸਥਾਨਕ ਬਾਜ਼ਾਰਾਂ ‘ਚ ਜਾਂਦੀ ਹੈ, ਜਿੱਥੇ ਇਸਦੀ ਚੰਗੀ ਮੰਗ ਹੈ। ਖਾਸ ਗੱਲ ਇਹ ਹੈ ਕਿ ਉਹ ਜੈਵਿਕ ਤੌਰ ‘ਤੇ ਸਟ੍ਰਾਬੇਰੀ ਦੀ ਖੇਤੀ ਕਰਦਾ ਹੈ, ਜਿਸ ਨਾਲ ਬਾਜ਼ਾਰ ‘ਚ ਇੱਕ ਪ੍ਰੀਮੀਅਮ ਮੰਗ ਪੈਦਾ ਹੁੰਦੀ ਹੈ।
ਸਟ੍ਰਾਬੇਰੀ ਤੋਂ ਇਲਾਵਾ, ਉਹ ਹੋਰ ਫ਼ਸਲਾਂ ‘ਚ ਵੀ ਨਵੀਨਤਾ ਲਿਆ ਰਿਹਾ ਹੈ। ਉਹ ਖਰਬੂਜੇ ਅਤੇ ਬੀਜ ਰਹਿਤ ਖੀਰੇ ਦੀ ਖੇਤੀ ਵੀ ਕਰਦਾ ਹੈ। ਇਸ ਤੋਂ ਇਲਾਵਾ, ਉਸਨੇ ਇੱਕ ਸਟ੍ਰਾਬੇਰੀ ਦੀ ਨਰਸਰੀ ਵੀ ਲਗਾਈ ਹੋਈ ਹੈ, ਜਿਸ ‘ਚ ਸਬਜ਼ੀਆਂ ਦੀ ਖੇਤੀ ਹੁੰਦੀ ਹੈ। ਇਸ ਤਰ੍ਹਾਂ, ਉਸਨੇ ਆਪਣੀ ਜ਼ਮੀਨ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਦੇ ਹੋਏ ਇੱਕ ਬਹੁ-ਫ਼ਸਲੀ ਮਾਡਲ ਸਥਾਪਿਤ ਕੀਤਾ ਹੈ।
ਲਾਗਤ, ਮੁਨਾਫ਼ਾ ਅਤੇ ਆਰਥਿਕ ਮਾਡਲ
ਸਟ੍ਰਾਬੇਰੀ ਦੀ ਖੇਤੀ ‘ਚ ਲਾਗਤ ਅਤੇ ਮੁਨਾਫ਼ਾ ਇਸ ਨੂੰ ਪੰਜਾਬ ਦੇ ਕਿਸਾਨਾਂ ਲਈ ਇੱਕ ਆਕਰਸ਼ਕ ਵਿਕਲਪ ਬਣਾਉਂਦਾ ਹੈ। ਜਸਕਰਨ ਸਿੰਘ ਦੇ ਅਨੁਸਾਰ:
1. ਪੌਦਿਆਂ ਦੀ ਸੰਖਿਆ: ਉਹ ਪ੍ਰਤੀ ਏਕੜ ਜ਼ਮੀਨ ਵਿੱਚ ਲਗਭਗ 25 ਹਜ਼ਾਰ ਪੌਦੇ ਲਗਾਉਂਦੇ ਹਨ।
2. ਕੁੱਲ ਲਾਗਤ: ਪ੍ਰਤੀ ਏਕੜ ਇਸ ਖੇਤੀ ‘ਤੇ ਕੁੱਲ 5 ਤੋਂ 6 ਲੱਖ ਰੁਪਏ ਦੀ ਲਾਗਤ ਆਉਂਦੀ ਹੈ।
3. ਕੁੱਲ ਆਮਦਨ: ਇਸ ਦੇ ਮੁਕਾਬਲੇ, ਇਹ ਉਪਜ ਕਰੀਬ 8 ਲੱਖ ਰੁਪਏ ਵਿੱਚ ਵਿਕਦੀ ਹੈ।
4. ਸ਼ੁੱਧ ਮੁਨਾਫ਼ਾ: ਇਸ ਤਰ੍ਹਾਂ, ਕਿਸਾਨ ਨੂੰ ਪ੍ਰਤੀ ਏਕੜ ਢਾਈ ਤੋਂ 3 ਲੱਖ ਰੁਪਏ ਤੱਕ ਦਾ ਸ਼ੁੱਧ ਮੁਨਾਫ਼ਾ ਹੁੰਦਾ ਹੈ।
ਜਸਕਰਨ ਸਿੰਘ ਦੋ ਕਿਲੋ ਦੇ ਪੈਕੇਟ ‘ਚ ਸਟ੍ਰਾਬੇਰੀ ਲਗਭਗ 300 ਰੁਪਏ ਵਿੱਚ ਵੇਚਦੇ ਹਨ, ਹਾਲਾਂਕਿ ਮੰਗ ਅਤੇ ਸੀਜ਼ਨ ਦੇ ਆਧਾਰ ‘ਤੇ, ਕੀਮਤ 600 ਰੁਪਏ ਤੱਕ ਜਾ ਸਕਦੀ ਹੈ। ਇਹ ਕੀਮਤ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਮੁਕਾਬਲੇ ਬਹੁਤ ਚੰਗੀ ਆਮਦਨ ਦਿੰਦੀ ਹੈ।
ਤਕਨੀਕੀ ਤਰੀਕੇ ਅਤੇ ਸੁਝਾਅ
ਸਫਲ ਸਟ੍ਰਾਬੇਰੀ ਖੇਤੀ ਲਈ, ਸਹੀ ਵਾਹੀ ਅਤੇ ਨਵੀਨ ਤਕਨੀਕਾਂ ਅਪਣਾਉਣਾ ਬਹੁਤ ਜ਼ਰੂਰੀ ਹਨ। ਉਸਨੇ ਇਸ ਖੇਤੀ ਨਾਲ ਜੁੜੇ ਕੁਝ ਸੁਝਾਅ ਦੱਸੇ ਹਨ:
1. ਬਿਜਾਈ ਤੋਂ ਪਹਿਲਾਂ: ਸਟ੍ਰਾਬੇਰੀ ਬੀਜਣ ਤੋਂ ਪਹਿਲਾਂ ਖੇਤ ਦੀ ਚੰਗੀ ਵਾਹੀ ਬਹੁਤ ਮਹੱਤਵਪੂਰਨ ਹੈ।
2. ਦੂਰੀ ਦਾ ਮਹੱਤਵ: ਪੌਦਿਆਂ ਵਿਚਕਾਰ ਦੂਰੀ ਇੱਕ 1 ਤੋਂ ਸਵਾ ਫੁੱਟ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਕਤਾਰਾਂ ਵਿਚਕਾਰ ਦੂਰੀ 6 ਤੋਂ 8 ਫੁੱਟ ਰੱਖਣੀ ਚਾਹੀਦੀ ਹੈ। ਬੈੱਡ ਦੀ ਚੌੜਾਈ 1 ਤੋਂ 2 ਫੁੱਟ ਹੋਣੀ ਚਾਹੀਦੀ ਹੈ।
3. ਨਵੀਨ ਤਕਨੀਕਾਂ ਦੀ ਵਰਤੋਂ: ਉਸ ਨੇ ਸਟ੍ਰਾਬੇਰੀ ਦੀ ਖੇਤੀ ਲਈ ਲੋਅ ਟਨਲ ਤਕਨਾਲੋਜੀ ਅਤੇ ਝੋਨੇ ਦੀ ਪਰਾਲੀ ਦੀ ਮਲਚਿੰਗ ਵਿਧੀ ਅਪਣਾਈ ਹੈ। ਲੋਅ ਟਨਲ ਤਕਨਾਲੋਜੀ ਸਰਦੀਆਂ ਦੇ ਮੌਸਮ ‘ਚ ਪੌਦਿਆਂ ਨੂੰ ਠੰਡ ਤੋਂ ਬਚਾਉਂਦੀ ਹੈ, ਜਦਕਿ ਮਲਚਿੰਗ ਜ਼ਮੀਨ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ।
ਮਲਚਿੰਗ ਦੇ ਫਾਇਦੇ:
1. ਨਦੀਨਾਂ ‘ਤੇ ਕਾਬੂ: ਮਲਚਿੰਗ ਨਦੀਨਾਂ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ।
2. ਫਲਾਂ ਦੀ ਸੁਰੱਖਿਆ: ਇਹ ਫਲ ਨੂੰ ਜ਼ਮੀਨ ‘ਤੇ ਸੜਨ ਤੋਂ ਬਚਾਉਂਦੀ ਹੈ, ਕਿਉਂਕਿ ਫਲ ਸਿੱਧੇ ਮਿੱਟੀ ਦੇ ਸੰਪਰਕ ‘ਚ ਨਹੀਂ ਆਉਂਦੇ।
3. ਉਪਜ ਵਿੱਚ ਵਾਧਾ: ਮਲਚਿੰਗ ਨਾਲ ਉਪਜ ‘ਚ ਵੀ ਵਾਧਾ ਹੁੰਦਾ ਹੈ।
4. ਨਮੀ ਬਰਕਰਾਰ: ਇਹ ਮਿੱਟੀ ‘ਚ ਨਮੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਦੀ ਹੈ।
ਇਸ ਤੋਂ ਇਲਾਵਾ, ਪੌਦੇ ਲਗਾਉਣ ਤੋਂ ਬਾਅਦ ਤੁਪਕਾ ਜਾਂ ਛਿੜਕਾਅ ਸਿੰਚਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬੀਜਣ ਤੋਂ ਬਾਅਦ, ਜਦੋਂ ਪੌਦੇ ਫੁੱਲਣਾ ਸ਼ੁਰੂ ਕਰਦੇ ਹਨ, ਤਾਂ ਮਲਚਿੰਗ ਜ਼ਰੂਰ ਕਰਨੀ ਚਾਹੀਦੀ ਹੈ।
ਸਫਲਤਾ ਦਾ ਸੰਦੇਸ਼
ਜਸਕਰਨ ਸਿੰਘ ਦੀ ਸਟ੍ਰਾਬੇਰੀ ਖੇਤੀ ਦੀ ਸਫਲਤਾ ਦੀ ਕਹਾਣੀ ਪੰਜਾਬ ਦੇ ਕਿਸਾਨੀ ਭਾਈਚਾਰੇ ਲਈ ਇੱਕ ਸਬਕ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕਿਸਾਨ ਰਵਾਇਤੀ ਫ਼ਸਲਾਂ ਦੀ ਬਜਾਏ ਬਾਗਬਾਨੀ ਜਾਂ ਹੋਰ ਉੱਚ-ਮੁੱਲ ਵਾਲੀਆਂ ਫ਼ਸਲਾਂ ਨੂੰ ਚੁਣਨ, ਸਹੀ ਟ੍ਰੇਨਿੰਗ ਲੈਣ, ਨਵੀਨ ਤਕਨੀਕਾਂ ਨੂੰ ਅਪਣਾਉਣ ਅਤੇ ਪੂਰੇ ਲਗਨ ਨਾਲ ਕੰਮ ਕਰਨ, ਤਾਂ ਖੇਤੀਬਾੜੀ ਵੀ ਕਿਸੇ ਵੀ ਸਫਲ ਕਾਰੋਬਾਰ ਤੋਂ ਘੱਟ ਨਹੀਂ ਹੈ। ਜਸਕਰਨ ਅੱਜ ਪੰਜਾਬ ਦੇ ਉਨ੍ਹਾਂ ਪ੍ਰਗਤੀਸ਼ੀਲ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹਨ ਜੋ ਨਾ ਸਿਰਫ਼ “ਲੀਕ ਤੋਂ ਹਟ ਕੇ” ਕੰਮ ਕਰਕੇ ਆਪਣੀ ਕਿਸਮਤ ਬਦਲ ਰਹੇ ਹਨ, ਸਗੋਂ ਸੂਬੇ ਦੀ ਖੇਤੀਬਾੜੀ ਨੂੰ ਵੀ ਵਿਭਿੰਨਤਾ ਦੇ ਰਾਹ ‘ਤੇ ਲੈ ਕੇ ਜਾ ਰਹੇ ਹਨ।
COMMENTS