Punjab ਦੇ ਕਿਸਾਨਾਂ ਲਈ Ginger ਦਾ ਸਫ਼ਲ ਮਾਡਲ, PAU ਨੇ ਦੱਸੀ ਵਿਧੀ

Punjab ਦੇ ਕਿਸਾਨਾਂ ਲਈ Ginger ਦਾ ਸਫ਼ਲ ਮਾਡਲ, PAU ਨੇ ਦੱਸੀ ਵਿਧੀPic Credit: PAU

ਪੰਜਾਬ ਦੇ ਕੰਢੀ ਇਲਾਕੇ ਵਿੱਚ ਅਦਰਕ ਦੀ ਕਾਸ਼ਤ ਲਈ ਇੱਕ ਸਫ਼ਲ ਮਾਡਲ ਵਿਕਸਤ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਬਿਹਤਰ ਕਮਾਈ ਦਾ ਰਾਹ ਖੁੱਲੇਗਾ ਅਤੇ ਨਾਲ ਹੀ ਫ਼ਸਲੀ ਵਿਭਿੰਨਤਾ ਨੂੰ

ਪੰਜਾਬ ਦੇ ਕੰਢੀ ਇਲਾਕੇ ਵਿੱਚ ਅਦਰਕ ਦੀ ਕਾਸ਼ਤ ਲਈ ਇੱਕ ਸਫ਼ਲ ਮਾਡਲ ਵਿਕਸਤ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਬਿਹਤਰ ਕਮਾਈ ਦਾ ਰਾਹ ਖੁੱਲੇਗਾ ਅਤੇ ਨਾਲ ਹੀ ਫ਼ਸਲੀ ਵਿਭਿੰਨਤਾ ਨੂੰ ਹੁੰਲਾਰਾ ਮਿਲਣ ਦੀ ਉਮੀਦ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਦੱਸਿਆ ਕਿ ਇਹ ਮਾਡਲ ਖੇਤਰੀ ਖੋਜ ਸਟੇਸ਼ਨ, ਬੱਲੋਵਾਲ ਸੌਂਖੜੀ ਵਿੱਚ ਸੱਤ ਸਾਲਾਂ ਦੀ ਨਿਰੰਤਰ ਖੋਜ ਅਤੇ ਅਜ਼ਮਾਇਸ਼ਾਂ ਤੋਂ ਬਾਅਦ ਤਿਆਰ ਹੋਇਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਸਫਲਤਾ ਨਾਲ ਪੰਜਾਬ ਦੀ ਦੂਜੇ ਸੂਬਿਆਂ ਤੋਂ ਅਦਰਕ ਲਈ ਨਿਰਭਰਤਾ ਘਟੇਗੀ। ਉਨ੍ਹਾਂ ਅਨੁਸਾਰ ਇਸ ਦੀ ਕਾਸ਼ਤ ਕੰਢੀ ਇਲਾਕੇ ਦੇ ਕਿਸਾਨਾਂ ਲਈ ਇੱਕ ਲਾਭਦਾਇਕ ਵਿਕਲਪ ਵਜੋਂ ਉਭਰੇਗੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਘਰੇਲੂ ਰਸੋਈ ਦਾ ਅਹਿਮ ਹਿੱਸਾ ਬਣ ਚੁੱਕਿਆ ਅਦਰਕ ਅਜੇ ਤੱਕ ਵਧੇਰੇ ਕਰਕੇ ਪੰਜਾਬ ਤੋਂ ਬਾਹਰੋਂ ਆਯਾਤ ਕੀਤਾ ਜਾਂਦਾ ਰਿਹਾ ਹੈ।

ਪੀਏਯੂ ਵੱਲੋਂ ਕੀਤੇ ਅਧਿਐਨਾਂ ਅਨੁਸਾਰ, ਔਸਤ ਪੰਜਾਬੀ ਪਰਿਵਾਰ ਪ੍ਰਤੀ ਮਹੀਨਾ ਲਗਭਗ ਇੱਕ ਕਿਲੋਗ੍ਰਾਮ ਅਦਰਕ ਦੀ ਖਪਤ ਕਰਦਾ ਹੈ। ਜੇਕਰ ਇਸ ਮੰਗ ਨੂੰ ਆਪਣੇ ਤੌਰ ’ਤੇ ਪੂਰਾ ਕਰਨਾ ਹੋਵੇ ਤਾਂ ਲਗਭਗ 11 ਹਜ਼ਾਰ ਏਕੜ ਰਕਬੇ ਵਿੱਚ ਅਦਰਕ ਦੀ ਕਾਸ਼ਤ ਦੀ ਜ਼ਰੂਰਤ ਹੋਵੇਗੀ।

ਇਸ ਕਰਕੇ ਹੀ ਬੱਲੋਵਾਲ ਸੌਂਖੜੀ ਦੇ ਵਿਗਿਆਨੀਆਂ ਨੇ 2018 ਵਿੱਚ ਯੋਜਨਾਬੱਧ ਪ੍ਰਯੋਗ ਸ਼ੁਰੂ ਕੀਤੇ ਸਨ ਅਤੇ ਹੁਣ ਖੇਤਰ-ਵਿਸ਼ੇਸ਼ ਪੈਕੇਜ ਵਿਕਸਤ ਕੀਤਾ ਹੈ।

ਕੰਢੀ ਵਿੱਚ ਕਿਵੇਂ ਕਾਮਯਾਬ ਅਦਰਕ ਦੀ ਕਾਸ਼ਤ

ਖੋਜ ਨਿਰਦੇਸ਼ਕ, ਡਾ. ਅਜਮੇਰ ਸਿੰਘ ਢੱਟ ਦੇ ਅਨੁਸਾਰ ਪਰੀਖਣਾਂ ਦੌਰਾਨ ਅਦਰਕ ਕੰਢੀ ਖੇਤਰ ਵਿੱਚ ਵਧੀਆ ਤਰੀਕੇ ਨਾਲ ਵਧਦੀ-ਫੁੱਲਦੀ ਨਜ਼ਰ ਆਈ ਹੈ। ਇਹ ਫਸਲ ਢਿੱਲੀ, ਭੁਰਭੁਰੀ ਅਤੇ ਜੈਵਿਕ ਤੱਤਾਂ ਨਾਲ ਭਰਪੂਰ ਮਿੱਟੀ ਵਿੱਚ ਸਭ ਤੋਂ ਵਧੀਆ ਫੂਲਦੀ ਹੈ।। ਹਾਲਾਂਕਿ ਇਹ ਪਾਣੀ ਦੇ ਖੜੋਤ ਲਈ ਸੰਵੇਦਨਸ਼ੀਲ ਹੈ, ਇਸ ਲਈ ਉੱਚੀ ਜਗ੍ਹਾ ਦੀ ਲੋੜ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਅਦਰਕ ਨੂੰ ਅੰਸ਼ਕ ਛਾਂ ਪਸੰਦ ਹੈ, ਜਿਸ ਕਰਕੇ ਇਹ ਪਾਪੂਲਰ ਅਤੇ ਯੂਕਲਿਪਟਸ ਵਰਗੇ ਰੁੱਖਾਂ ਦੇ ਨਾਲ ਖੇਤੀਬਾੜੀ-ਜੰਗਲਾਤ ਮਾਡਲਾਂ ਵਿੱਚ ਸ਼ਾਮਲ ਕਰਨ ਲਈ ਉਚਿਤ ਹੈ। ਇਸ ਤੋਂ ਇਲਾਵਾ, ਕੰਢੀ ਖੇਤਰ ਵਿੱਚ ਜੰਗਲੀ ਜਾਨਵਰਾਂ ਦੇ ਨੁਕਸਾਨ ਦਾ ਵਧੇਰਾ ਖ਼ਤਰਾ ਹੁੰਦਾ ਹੈ, ਜਿੱਥੇ ਅਦਰਕ ਦਾ ਲਚਕੀਲਾਪਣ ਕਿਸਾਨਾਂ ਲਈ ਮਦਦਗਾਰ ਸਾਬਤ ਹੋਵੇਗਾ।

ਅਦਰਕ ਦੀ ਕਾਸ਼ਤ ਦੀ ਵਿਧੀ

ਖੇਤਰੀ ਖੋਜ ਸਟੇਸ਼ਨ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਦੱਸਿਆ ਕਿ ਸਿਫਾਰਸ਼ ਕੀਤੇ ਅਭਿਆਸਾਂ ਦੀ ਸ਼ੁਰੂਆਤ 30–40 ਗ੍ਰਾਮ ਭਾਰ ਵਾਲੇ ਸਿਹਤਮੰਦ, ਬਿਮਾਰੀ-ਮੁਕਤ ਰਾਈਜ਼ੋਮ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਉੱਲੀਨਾਸ਼ਕਾਂ ਨਾਲ ਇਲਾਜ ਕੀਤਾ ਜਾਂਦਾ ਹੈ। ਬੀਜ ਦਰ 8–10 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਮਈ ਦੇ ਪਹਿਲੇ ਪੰਦਰਵਾੜੇ ਜਾਂ ਗਰਮੀਆਂ ਦੀ ਬਾਰਿਸ਼ ਦੀ ਸ਼ੁਰੂਆਤ ਨਾਲ ਕਰਨੀ ਚਾਹੀਦੀ ਹੈ।

ਕਤਾਰਾਂ ਵਿਚਕਾਰ 30 ਸੈਂਟੀਮੀਟਰ ਅਤੇ ਪੌਦਿਆਂ ਵਿਚਕਾਰ 20 ਸੈਂਟੀਮੀਟਰ ਦੀ ਦੂਰੀ ਰੱਖਣ ਨਾਲ ਉੱਚੇ ਬੈੱਡਾਂ ‘ਤੇ ਵਧੀਆ ਵਿਕਾਸ ਹੁੰਦਾ ਹੈ। ਪੌਸ਼ਟਿਕ ਯੋਜਨਾ ਵਿੱਚ ਛੇ ਟਨ ਖੇਤ ਦੀ ਖਾਦ ਦੇ ਨਾਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਸ਼ਾਮਲ ਹਨ, ਜੋ ਬਿਜਾਈ ਵੇਲੇ ਅਤੇ 45 ਤੇ 90 ਦਿਨਾਂ ‘ਤੇ ਦੋ ਖੁਰਾਕਾਂ ਵਿੱਚ ਦਿੱਤੇ ਜਾਂਦੇ ਹਨ।

ਬਿਜਾਈ ਤੋਂ ਬਾਅਦ ਗੰਨੇ ਦੇ ਕੂੜੇ ਜਾਂ ਝੋਨੇ ਦੀ ਪਰਾਲੀ ਨਾਲ ਮਲਚਿੰਗ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਦੀ ਹੈ ਨਦੀਨਾਂ ਦੇ ਵਾਧੇ ਨੂੰ ਰੋਕਦੀ ਹੈ ਅਤੇ ਉਗਣ ਵਿੱਚ ਸਹਾਇਕ ਹੁੰਦੀ ਹੈ। ਮਾਨਸੂਨ ਤੋਂ ਪਹਿਲਾਂ ਦੋ–ਤਿੰਨ ਸਿੰਚਾਈ ਚੱਕਰ ਕਾਫੀ ਹਨ, ਜਦਕਿ ਬਰਸਾਤੀ ਮੌਸਮ ਦੌਰਾਨ ਸਿੰਚਾਈ ਦੀ ਲੋੜ ਨਹੀਂ ਹੁੰਦੀ। ਭਾਰੀ ਪਾਣੀ ਤੋਂ ਬਚਣਾ ਚਾਹੀਦਾ ਹੈ। 45 ਅਤੇ 90 ਦਿਨਾਂ ‘ਤੇ ਅੰਤਰਾਲ ’ਤੇ ਨਦੀਨ ਕੱਢਣਾ ਜ਼ਰੂਰੀ ਹੈ। ਫਸਲ ਨਵੰਬਰ ਜਾਂ ਦਸੰਬਰ ਤੱਕ ਪੱਕਣ ‘ਤੇ ਪਹੁੰਚ ਜਾਂਦੀ ਹੈ।

ਕਿੰਨੀ ਹੋਵੇਗੀ ਕਮਾਈ

ਪੀਏਯੂ ਦੇ ਆਰਥਿਕ ਅੰਦਾਜੇ ਮੁਤਾਬਕ ਅਦਰਕ ਦੀ ਉਤਪਾਦਨ ਲਾਗਤ ਲਗਭਗ ₹1.97 ਲੱਖ ਪ੍ਰਤੀ ਏਕੜ ਹੈ, ਜਿਸ ਵਿੱਚ ਬੀਜ ਦੀ ਲਾਗਤ ਸਭ ਤੋਂ ਵੱਧ ਹੈ। 70 ਕੁਇੰਟਲ ਪ੍ਰਤੀ ਏਕੜ ਦੀ ਔਸਤ ਪੈਦਾਵਾਰ ਅਤੇ ₹6,500 ਪ੍ਰਤੀ ਕੁਇੰਟਲ ਦੇ ਮੌਜੂਦਾ ਬਾਜ਼ਾਰ ਭਾਅ ਨਾਲ ਕਿਸਾਨਾਂ ਨੂੰ ਲਗਭਗ ₹4.55 ਲੱਖ ਪ੍ਰਤੀ ਏਕੜ ਕੁੱਲ ਆਮਦਨ ਹੋ ਸਕਦੀ ਹੈ। ਖਰਚਿਆਂ ਨੂੰ ਕੱਢਣ ਤੋਂ ਬਾਅਦ ਲਗਭਗ ₹2.58 ਲੱਖ ਪ੍ਰਤੀ ਏਕੜ ਕਮਾਈ ਹੋ ਸਕਦੀ ਹੈ। ਡਾ. ਢੱਟ ਨੇ ਕਿਹਾ ਕਿ ਇਹ ਮੁਨਾਫ਼ਾ ਕੰਢੀ ਖੇਤਰ ਦੀਆਂ ਬਹੁਤੀਆਂ ਰਵਾਇਤੀ ਫਸਲਾਂ ਨਾਲੋਂ ਕਿਤੇ ਵੱਧ ਹੈ।

ਬੀਜ ਦੀ ਸੰਭਾਲ ਅਤੇ ਪ੍ਰੋਸੈਸਿੰਗ ਦੀ ਸੰਭਾਵਨਾ

ਡਾ. ਸਿੰਘ ਦੇ ਅਨੁਸਾਰ, ਉੱਲੀਨਾਸ਼ਕਾਂ ਨਾਲ ਇਲਾਜ ਕੀਤੇ ਗਏ ਰੋਗ-ਮੁਕਤ ਰਾਈਜ਼ੋਮ ਨੂੰ ਛਾਂ ਹੇਠ ਸੁੱਕੀ ਰੇਤ ਜਾਂ ਮਿੱਟੀ ਦੀਆਂ ਪਰਤਾਂ ਵਿੱਚ ਟੋਇਆਂ ‘ਚ ਸਟੋਰ ਕੀਤਾ ਜਾ ਸਕਦਾ ਹੈ। ਇਹ ਤਰੀਕਾ ਬਿਮਾਰੀ ਦੇ ਨੁਕਸਾਨ ਨੂੰ ਘਟਾਉਂਦਾ ਹੈ ਅਤੇ ਅਗਲੇ ਸੀਜ਼ਨ ਲਈ ਬੀਜ ਦੀ ਗੁਣਵੱਤਾ ਬਰਕਰਾਰ ਰੱਖਦਾ ਹੈ।

ਇਸ ਦੀ ਪ੍ਰੋਸੈਸਿੰਗ ਨਾਲ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ

ਉਨ੍ਹਾਂ ਕਿਹਾ ਕਿ ਅਦਰਕ ਦੀ ਪ੍ਰੋਸੈਸਿੰਗ ਨਾਲ ਕਿਸਾਨ ਹੋਰ ਵਧੀਆ ਆਮਦਨ ਕਰ ਸਕਦੇ ਹਨ। ਇਹ ਫਸਲ ਕੰਢੀ ਦੇ ਕਿਸਾਨਾਂ ਲਈ ਜੰਗਲੀ ਜਾਨਵਰਾਂ ਦੇ ਹਮਲਿਆਂ ਅਤੇ ਰਵਾਇਤੀ ਫਸਲਾਂ ਤੋਂ ਘੱਟ ਆਮਦਨ ਦੇ ਦੋ ਮੁੱਖ ਸਮੱਸਿਆਵਾਂ ਦਾ ਵਿਹਾਰਕ ਹੱਲ ਪ੍ਰਦਾਨ ਕਰਦੀ ਹੈ।

ਪੀਏਯੂ ਨੇ ਅਦਰਕ ਨੂੰ ਕੰਢੀ ਪੱਟੀ ਦੇ ਕਿਸਾਨਾਂ ਲਈ ਇੱਕ ਲਾਭਦਾਇਕ ਤੇ ਟਿਕਾਊ ਵਿਕਲਪ ਵਜੋਂ ਦਰਸਾਇਆ ਹੈ। ਇਹ ਫਸਲ ਵਿਭਿੰਨਤਾ ਨੂੰ ਉਤਸ਼ਾਹਿਤ ਕਰੇਗੀ ਅਤੇ ਸਥਾਨਕ ਲੋਕਾਂ ਲਈ ਫਾਇਦੇਮੰਦ ਵਿਕਲਪ ਵਜੋਂ ਉਭਰੇਗੀ।

COMMENTS

WORDPRESS: 0