ਪੰਜਾਬ ‘ਚ ਹਾਈਬ੍ਰਿਡ ਮੱਕੀ ਦੇ ਬੀਜ ਉਤਪਾਦਨ ਦਾ ਸਫ਼ਲ ਪ੍ਰਯੋਗ: ਕਿਸਾਨਾਂ ਲਈ ਖੁੱਲ੍ਹਣਗੇ ਖੁਸ਼ਹਾਲੀ ਦੇ ਨਵੇਂ ਰਾਹ

ਪੰਜਾਬ ‘ਚ ਹਾਈਬ੍ਰਿਡ ਮੱਕੀ ਦੇ ਬੀਜ ਉਤਪਾਦਨ ਦਾ ਸਫ਼ਲ ਪ੍ਰਯੋਗ: ਕਿਸਾਨਾਂ ਲਈ ਖੁੱਲ੍ਹਣਗੇ ਖੁਸ਼ਹਾਲੀ ਦੇ ਨਵੇਂ ਰਾਹ

ਪੰਜਾਬ ਦੇ ਖੇਤੀਬਾੜੀ ਖੇਤਰ ‘ਚ ਇੱਕ ਨਵਾਂ ਇਤਿਹਾਸ ਸਿਰਜਦਿਆਂ, ਇੰਡੀਅਨ ਇੰਸਟੀਚਿਊਟ ਆਫ਼ ਮੱਕੀ ਰਿਸਰਚ (ICAR-IIMR), ਲੁਧਿਆਣਾ ਨੇ ਸੂਬੇ ਵਿੱਚ ਪਹਿਲੀ ਵਾਰ ਇੱਕ ਕਿਸਾਨ ਦੇ ਖੇਤ ਵਿੱਚ

PAU-KVK, ਸੰਗਰੂਰ ਨੇ ਪਰਾਲੀ ਪ੍ਰਬੰਧਨ ਪ੍ਰੋਜੈਕਟ ਲਈ ਕੀਤਾ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ
ਕਿਸਾਨ ਆਫ਼ ਇੰਡੀਆ ਸਨਮਾਨ 2025: ਦੇਸ਼ ਭਰ ਤੋਂ ਚੁਣੇ ਗਏ 7 ਖੇਤੀਬਾੜੀ ਨਾਇਕ, ਪੰਜਾਬ ਦੇ Patiala ਦੇ Gurpreet Singh Shergill ਵੀ ਸਨਮਾਨਿਤ
PAU ਵਿਖੇ ਐੱਸ.ਸੀ./ਐੱਸ.ਟੀ. ਲਾਭਪਾਤਰੀਆਂ ਨੂੰ ਐਗਰੋ-ਪ੍ਰੋਸੈਸਿੰਗ ‘ਚ ਸਿਖਲਾਈ

ਪੰਜਾਬ ਦੇ ਖੇਤੀਬਾੜੀ ਖੇਤਰ ‘ਚ ਇੱਕ ਨਵਾਂ ਇਤਿਹਾਸ ਸਿਰਜਦਿਆਂ, ਇੰਡੀਅਨ ਇੰਸਟੀਚਿਊਟ ਆਫ਼ ਮੱਕੀ ਰਿਸਰਚ (ICAR-IIMR), ਲੁਧਿਆਣਾ ਨੇ ਸੂਬੇ ਵਿੱਚ ਪਹਿਲੀ ਵਾਰ ਇੱਕ ਕਿਸਾਨ ਦੇ ਖੇਤ ਵਿੱਚ ਹਾਈਬ੍ਰਿਡ ਮੱਕੀ ਦੇ ਬੀਜ ਉਤਪਾਦਨ ਦਾ ਪ੍ਰਯੋਗ ਸਫਲਤਾਪੂਰਵਕ ਕੀਤਾ ਹੈ। ਇਹ ਪ੍ਰਯੋਗ ਮੋਗਾ ਜ਼ਿਲ੍ਹੇ ਦੇ ਪਿੰਡ ਗਜਿਆਣਾ ਦੇ ਅਗਾਂਹਵਧੂ ਕਿਸਾਨ ਸ਼ਰਨਵੀਰ ਸਿੰਘ ਦੇ ਖੇਤ ਵਿੱਚ ਸਫਲਤਾਪੂਰਵਕ ਪੂਰਾ ਕੀਤਾ ਗਿਆ, ਜਿਸ ਨਾਲ ਹੁਣ ਪੰਜਾਬ ਦੇ ਕਿਸਾਨਾਂ ਨੂੰ ਮਹਿੰਗੇ ਬੀਜਾਂ ਲਈ ਦੂਜੇ ਰਾਜਾਂ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ।

ਜ਼ਿਕਰਯੋਗ, ਇਹ ਇਤਿਹਾਸਕ ਪ੍ਰਾਪਤੀ ਖੇਤੀਬਾੜੀ ਵਿੱਚ ਤਕਨੀਕੀ ਮੁਹਾਰਤ ਨੂੰ ਦਰਸਾਉਂਦੀ ਹੈ, ਜੋ ਭਵਿੱਖ ਵਿੱਚ ਕਿਸਾਨਾਂ ਦੀ ਲਾਗਤ ਘਟਾਉਣ ਅਤੇ ਗੁਣਵੱਤਾ ਵਾਲੇ ਬੀਜਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਵਿੱਚ ਸਹਾਇਕ ਹੋਵੇਗੀ।

ਦੱਖਣੀ ਭਾਰਤ ‘ਤੇ ਨਿਰਭਰਤਾ ਹੋਵੇਗੀ ਖ਼ਤਮ

ਮੌਜੂਦਾ ਸਮੇਂ, ਪੰਜਾਬ ਵਿੱਚ ਵਰਤੇ ਜਾਣ ਵਾਲੇ ਹਾਈਬ੍ਰਿਡ ਮੱਕੀ ਦੇ ਲਗਭਗ 100% ਬੀਜ ਦੱਖਣੀ ਭਾਰਤ, ਖ਼ਾਸ ਕਰਕੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤੋਂ ਆਉਂਦੇ ਹਨ। ਸੀਜ਼ਨ ਦੌਰਾਨ, ਇਨ੍ਹਾਂ ਬੀਜਾਂ ਦੀ ਕੀਮਤ 800 ਤੋਂ 1000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਂਦੀ ਹੈ। ਦੂਰ-ਦੁਰਾਡੇ ਤੋਂ ਬੀਜ ਮੰਗਵਾਉਣ ਕਾਰਨ, ਜਿੱਥੇ ਆਵਾਜਾਈ ਦੀ ਲਾਗਤ ਵੱਧਦੀ ਹੈ, ਉੱਥੇ ਹੀ ਕਿਸਾਨਾਂ ਦੀ ਲਾਗਤ ਵੀ ਵੱਧ ਜਾਂਦੀ ਹੈ। ਇਸ ਸਫਲ ਪ੍ਰਯੋਗ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਮੌਸਮੀ ਸਥਿਤੀ ਹਾਈਬ੍ਰਿਡ ਬੀਜ ਤਿਆਰ ਕਰਨ ਲਈ ਪੂਰੀ ਤਰ੍ਹਾਂ ਅਨੁਕੂਲ ਹੈ।

DMRH 1308 ਹਾਈਬ੍ਰਿਡ ਦਾ ਸਫਲ ਪ੍ਰਦਰਸ਼ਨ

ਇਹ ਟ੍ਰਾਇਲ ਪਿਛਲੇ ਸਾਲ ਅਗਸਤ (ਦੇਰ ਸਾਉਣੀ) ਵਿੱਚ ‘DMRH 1308’ ਨਾਮ ਦੀ ਹਾਈਬ੍ਰਿਡ ਕਿਸਮ ਨਾਲ ਸ਼ੁਰੂ ਕੀਤਾ ਗਿਆ ਸੀ। ICAR-IIMR ਦੇ ਨਿਰਦੇਸ਼ਕ ਡਾ. H.S. ਜੱਟ, ਸੀਨੀਅਰ ਮੱਕੀ ਪ੍ਰਜਨਨ ਵਿਗਿਆਨੀ ਡਾ. ਭੁਪੇਂਦਰ ਕੁਮਾਰ ਅਤੇ ਖੋਜਾਰਥੀ ਅਨੀਸ਼ਾ ਨੇ ਖੇਤ ਦਾ ਦੌਰਾ ਕਰਕੇ ਫਸਲ ਦੀ ਕਟਾਈ ਦਾ ਜਾਇਜ਼ਾ ਲਿਆ। ਮਾਹਿਰਾਂ ਦੇ ਅਨੁਸਾਰ, ਸਾਉਣੀ ਦੇ ਅੰਤ ਵਿੱਚ ਤਿਆਰ ਕੀਤੇ ਗਏ ਇਸ ਬੀਜ ਨੂੰ ਸਿੱਧੇ ਤੌਰ ‘ਤੇ ਬਸੰਤ ਰੁੱਤ ਦੀ ਮੱਕੀ ਦੀ ਕਾਸ਼ਤ ਲਈ ਵਰਤਿਆ ਜਾ ਸਕਦਾ ਹੈ, ਜਿਸ ਨਾਲ ਬੀਜ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਦਾ ਖ਼ਰਚਾ ਵੀ ਬਚੇਗਾ।

ਕਿਸਾਨਾਂ ਦੀ ਆਮਦਨ ‘ਚ ਹੋਵੇਗਾ ਦੁੱਗਣਾ ਵਾਧਾ

ਵਿਗਿਆਨੀਆਂ ਦਾ ਮੰਨਣਾ ਹੈ ਕਿ ਵਪਾਰਕ ਮੱਕੀ ਵੇਚਣ ਨਾਲੋਂ ਕਿਸਾਨਾਂ ਲਈ ਬੀਜ ਉਤਪਾਦਨ ਬਹੁਤ ਜ਼ਿਆਦਾ ਲਾਭਦਾਇਕ ਕਾਰੋਬਾਰ ਹੈ। ਅੰਕੜਿਆਂ ਦੇ ਅਨੁਸਾਰ, ਕਿਸਾਨ ਬੀਜ ਉਤਪਾਦਨ ਰਾਹੀਂ ਪ੍ਰਤੀ ਹੈਕਟੇਅਰ 2.5 ਤੋਂ 3 ਲੱਖ ਰੁਪਏ ਕਮਾ ਸਕਦੇ ਹਨ, ਜੋ ਕਿ ਆਮ ਮੱਕੀ ਦੀ ਫਸਲ ਨਾਲੋਂ ਲਗਭਗ ਦੁੱਗਣੀ ਹੈ। ਇਸ ਨਾਲ ਨਾ ਸਿਰਫ਼ ਬੀਜ ਦੀ ਕੀਮਤ ਘਟੇਗੀ, ਸਗੋਂ ਖੇਤੀ ਦੀ ਲਾਗਤ ਵਿੱਚ ਕਮੀ ਆਉਣ ਨਾਲ ਕਿਸਾਨਾਂ ਦੀ ਸ਼ੁੱਧ ਆਮਦਨ ਵਿੱਚ ਭਾਰੀ ਵਾਧਾ ਹੋਵੇਗਾ।

ਭਵਿੱਖ ਦੀਆਂ ਯੋਜਨਾਵਾਂ ਅਤੇ ਪਸਾਰ

ਪੰਜਾਬ ਵਿੱਚ ਇਸ ਸਫਲਤਾ ਤੋਂ ਬਾਅਦ, ਹੁਣ ਅਗਲੇ ਪੜਾਅ ਵਿੱਚ, ਇਹ ਪ੍ਰਯੋਗ ਬਸੰਤ ਰੁੱਤ ਦੌਰਾਨ ਵੀ ਕੀਤੇ ਜਾਣਗੇ। ਸਿਰਫ਼ ਪੰਜਾਬ ਹੀ ਨਹੀਂ, ਸਗੋਂ ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਵਰਗੇ ਰਾਜਾਂ ਵਿੱਚ ਵੀ ਅਜਿਹੇ ਟਰਾਇਲ ਕੀਤੇ ਜਾ ਰਹੇ ਹਨ। ਇਸਦਾ ਮੁੱਖ ਉਦੇਸ਼ ਬੀਜ ਉਤਪਾਦਨ ਨੂੰ ਦੱਖਣੀ ਭਾਰਤ ਤੱਕ ਸੀਮਤ ਰੱਖਣ ਦੀ ਬਜਾਏ ਪੂਰੇ ਦੇਸ਼ ਵਿੱਚ ਫੈਲਾਉਣਾ ਹੈ।

ਇਸ ਨਾਲ ਨਾ ਸਿਰਫ਼ ਮਹਿੰਗੀ ਆਵਾਜਾਈ ਦਾ ਖ਼ਰਚਾ ਘਟੇਗਾ, ਸਗੋਂ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਹ ਕਦਮ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ। ਇਹ ਪਹਿਲ ਪੰਜਾਬ ਅਤੇ ਗੁਆਂਢੀ ਰਾਜਾਂ ਦੀ ਬੀਜਾਂ ਦੀ ਮੰਗ ਪੂਰੀ ਕਰਨ ਅਤੇ ਖੇਤੀਬਾੜੀ ਖੇਤਰ ਵਿੱਚ ‘ਸਵੈ-ਨਿਰਭਰਤਾ’ ਵੱਲ ਇੱਕ ਮੀਲ ਪੱਥਰ ਸਾਬਤ ਹੋਵੇਗੀ।

COMMENTS

WORDPRESS: 0