ਗੁਰਵਿੰਦਰ ਸਿੰਘ ਨੂੰ ਫੁੱਲਾਂ ਦੀ ਖੇਤੀ ਦਾ 25 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਹੋ ਚੁੱਕਿਆ ਹੈ, ਜਾਂ ਕਹੀਏ ਕਿ ਉਨ੍ਹਾਂ ਦੇ ਪਰਿਵਾਰ ਨੂੰ, ਦਰਅਸਲ ਉਨ੍ਹਾਂ ਦੇ ਪਿਤਾ ਭਰਪੂਰ ਸਿੰਘ ਜੀ ਨ
ਗੁਰਵਿੰਦਰ ਸਿੰਘ ਨੂੰ ਫੁੱਲਾਂ ਦੀ ਖੇਤੀ ਦਾ 25 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਹੋ ਚੁੱਕਿਆ ਹੈ, ਜਾਂ ਕਹੀਏ ਕਿ ਉਨ੍ਹਾਂ ਦੇ ਪਰਿਵਾਰ ਨੂੰ, ਦਰਅਸਲ ਉਨ੍ਹਾਂ ਦੇ ਪਿਤਾ ਭਰਪੂਰ ਸਿੰਘ ਜੀ ਨੇ ਸਾਲ 1998 ਵਿੱਚ ਫੁੱਲਾਂ ਦੀ ਖੇਤੀ ਨੂੰ ਅਪਣਾਇਆ ਸੀ। ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੱਲਾਂ ਨਾਲ ਸਬੰਧਤ ਇਹ ਕਿਸਾਨ ਅੱਜ ਜਾਫਰੀ, ਲੱਡੂ ਗੇਂਦਾ ਅਤੇ ਹੋਰ ਕਈ ਕਿਸਮਾਂ ਦੇ ਫੁੱਲਾਂ ਦੀ ਕਾਸ਼ਤ ਕਰ ਰਹੇ ਹਨ, ਨਾਲ ਹੀ ਪਿਛਲੇ ਸਾਲਾਂ ਤੋਂ ਉਨ੍ਹਾਂ ਪਨੀਰੀ ਦਾ ਕੰਮ ਵੀ ਸ਼ੁਰੂ ਕੀਤਾ ਹੈ, ਭਾਵ ਕਿ ਇੱਕ ਪੀੜ੍ਹੀ ਤੋਂ ਚੱਲਿਆ ਉੱਦਮ ਹੁਣ ਵੱਡੀਆਂ ਬੁਲੰਦੀਆਂ ਛੂਹ ਰਿਹਾ ਹੈ।
ਕਿਵੇਂ ਸ਼ੁਰੂ ਕੀਤੀ ਖੇਤੀ

ਭਰਪੂਰ ਸਿੰਘ ਵੱਲੋਂ ਸਾਲ 1998 ਵਿੱਚ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ ਉਹ 12 ਕਿੱਲਿਆਂ ਵਿੱਚ ਫੁੱਲਾਂ ਦੀ ਕਾਸ਼ਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਪੂਰੀ ਜ਼ਮੀਨ ਫੁੱਲਾਂ ਲਈ ਹੀ ਸਮਰਪਿਤ ਹੈ। ਖਾਸ ਗੱਲ ਹੈ ਕਿ ਉਹ ਪੂਰਾ ਸਾਲ ਫੁੱਲਾਂ ਦਾ ਉਤਪਾਦਨ ਕਰਦੇ ਹਨ। ਜੁਲਾਈ ਵਿੱਚ ਜਾਫ਼ਰੀ ਫੁੱਲ ਬੀਜਦੇ ਹਨ, ਜੋ ਕਿ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਬੀਜਿਆ ਜਾ ਸਕਦਾ ਹੈ। ਇਸ ਦੇ ਬਾਅਦ ਲੱਡੂ ਗੇਂਦਾਂ ਅਤੇ ਹੋਰ ਕਈ ਕਿਸਮਾਂ ਵੀ ਸਾਲ ਭਰ ਉਤਪਦਾਨ ਦੇਣ ਵਿੱਚ ਸਹਾਈ ਹੁੰਦੀਆਂ ਹਨ। ਉਹ ਦੱਸਦੇ ਹਨ ਕਿ ਕਿਸਮਾਂ ਦੀ ਜਾਣਕਾਰੀ ਬਹੁਤ ਜਰੂਰੀ ਹੈ। ਮਾਨਸੂਨ ਦੇ ਕੁਝ ਸਮੇਂ ਦੌਰਾਨ ਫੁੱਲਾਂ ਦੀ ਖੇਤੀ ਘੱਟਦੀ ਹੈ ਪਰ ਨਾਲ ਹੀ ਉਸ ਸਮੇਂ ਬਾਜਾਰ ਵਿੱਚ ਰੇਟ ਵਧੇਰੇ ਮਿਲਦਾ ਹੈ।
ਕਿਹੜੀਆਂ ਕਿਸਮਾਂ

ਉਹ ਜਾਫਰੀ, ਲੱਡੂ ਗੇਂਦਾ ਅਤੇ ਬਿਜਲੀ ਆਦਿ ਕਿਸਮਾਂ ਦੇ ਫੁੱਲ ਉਗਾਉਂਦੇ ਹਨ। ਸਾਲ ਭਰ ਫੁੱਲਾਂ ਦਾ ਨਿਰੰਤਰ ਝਾੜ ਲੈਣ ਲਈ ਉਨ੍ਹਾਂ ਵੱਲੋਂ ਆਪਣੀ ਕੁੱਲ ਜ਼ਮੀਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਤਰੀਕੇ ਨਾਲ ਵੱਖ-ਵੱਖ ਸਮਿਆਂ ’ਤੇ ਫਸਲ ਤਿਆਰ ਹੁੰਦੀ ਰਹਿੰਦੀ ਹੈ।
ਉਹ ਦੱਸਦੇ ਹਨ ਕਿ ਜਾਫਰੀ ਜੁਲਾਈ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਲਗਾਈ ਜਾ ਸਕਦੀ ਹੈ। ਇਸ ਤੋਂ ਬਾਅਦ ਲੱਡੂ ਗੇਂਦਾ ਲਗਾਇਆ ਜਾਂਦਾ ਹੈ। ਗੁਰਵਿੰਦਰ ਸਿੰਘ ਦੇ ਮੁਤਾਬਕ, ਸਾਲ ਭਰ ਉਤਪਾਦਨ ਲਈ ਕਿਸਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਕਿਸਮ ਨੂੰ ਵੱਖ-ਵੱਖ ਸਮਿਆਂ ’ਤੇ ਉਗਾਇਆ ਜਾ ਸਕਦਾ ਹੈ।
ਮਿੱਟੀ ਅਤੇ ਬਿਜਾਈ
ਗੁਰਵਿੰਦਰ ਸਿੰਘ ਦੱਸਦੇ ਹਨ ਕਿ ਫੁੱਲਾਂ ਦੀ ਖੇਤੀ ਲਈ ਜ਼ਮੀਨ ਆਮ ਖੇਤਾਂ ਨਾਲੋਂ ਥੋੜ੍ਹੀ ਉੱਚੀ ਹੋਣੀ ਚਾਹੀਦੀ ਹੈ, ਤਾਂ ਜੋ ਮੀਂਹ ਜਾਂ ਵਾਧੂ ਪਾਣੀ ਖੇਤ ਵਿੱਚ ਨਾ ਖੜੇ। ਫੁੱਲਾਂ ਦੀ ਫਸਲ ਪਾਣੀ ਖੜਨ ਨਾਲ ਜਲਦੀ ਖਰਾਬ ਹੋ ਸਕਦੀ ਹੈ।
ਉਨ੍ਹਾਂ ਦੇ ਅਨੁਸਾਰ, ਨਾ ਬਹੁਤ ਡਾਕਰ ਮਿੱਟੀ ਅਤੇ ਨਾ ਹੀ ਬਹੁਤ ਰੇਤੀਲੀ ਮਿੱਟੀ ਫੁੱਲਾਂ ਦੀ ਖੇਤੀ ਲਈ ਉਚਿਤ ਹੁੰਦੀ ਹੈ। ਦਰਮਿਆਨੀ ਬਣਤਰ ਵਾਲੀ ਮਿੱਟੀ ਸਭ ਤੋਂ ਵਧੀਆ ਨਤੀਜੇ ਦਿੰਦੀ ਹੈ। ਪੌਦਾ ਲਗਾਉਣ ਤੋਂ ਲਗਭਗ 70 ਤੋਂ 80 ਦਿਨਾਂ ਬਾਅਦ ਫੁੱਲ ਆਉਣ ਸ਼ੁਰੂ ਹੋ ਜਾਂਦੇ ਹਨ। ਲਾਈਨਾਂ ਵਿਚਕਾਰ ਦੂਰੀ ਕਰੀਬ 3 ਫੁੱਟ ਅਤੇ ਪੌਦਿਆਂ ਵਿਚਕਾਰ 10 ਤੋਂ 15 ਇੰਚ ਰੱਖੀ ਜਾਂਦੀ ਹੈ। ਝਾੜ ਦੀ ਗੱਲ ਕਰੀਏ ਤਾਂ 2.5 ਤੋਂ 3 ਮਹੀਨਿਆਂ ਵਿੱਚ ਕਰੀਬ 80 ਤੋਂ 90 ਕੁਇੰਟਲ ਤੱਕ ਉਤਪਾਦਨ ਮਿਲ ਜਾਂਦਾ ਹੈ।
ਮਾਰਕਟਿੰਗ
ਹਾਲਾਂਕਿ, ਉਹ ਇਹ ਵੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਫੁੱਲ ਕਦੋਂ ਲਗਾਉਣੇ ਹਨ, ਇਹ ਫੈਸਲਾ ਮਾਰਕੀਟ ਦੀ ਮੰਗ ਅਤੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਬਹੁਤ ਜ਼ਰੂਰੀ ਹੈ।
ਗੁਰਵਿੰਦਰ ਸਿੰਘ ਸੂਬਾ ਪੱਧਰੀ ਫੁਲਾਂ ਦੀ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਸਾਡਾ ਜੋਰ ਹੈ ਕਿ ਪੰਜਾਬ ਵਿੱਚ ਫੁੱਲਾਂ ਦੀ ਮੰਡੀ ਸਥਾਪਿਤ ਕੀਤੀ ਜਾਵੇ। ਉਨ੍ਹਾਂ ਮੁਤਾਬਕ ਪੁਰਾਣੇ ਕਿਸਾਨ ਹੋਣ ਕਰਕੇ ਸਾਨੂੰ ਫੁੱਲ ਵੇਚਣਾ ਕਾਫੀ ਸੁਖਾਲਾ ਹੈ, ਗਾਹਕ ਖੁਦ ਹੀ ਸੰਪਰਕ ਕਰ ਲੈਂਦੇ ਹਨ ਪਰ ਨਵੇਂ ਕਿਸਾਨ ਨੂੰ ਇਸ ਵਿੱਚ ਦਿੱਕਤ ਦਾ ਸਬੱਬ ਹੈ, ਇਸ ਲਈ ਜੇਕਰ ਮੰਡੀ ਹੋਵੇਗੀ ਤਾਂ ਨਵੇਂ ਕਿਸਾਨ ਆਸਾਨੀ ਨਾਲ ਉਤਪਾਦ ਵੇਚ ਸਕਦੇ ਹਨ।
ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਅਸੀਂ ਹਰ ਸਾਲ ਪੰਜਾਬ ਤੋਂ ਬਾਹਰ ਫੁੱਲ ਭੇਜਣ ਦੀ ਕੋਸ਼ਿਸ ਕਰਦੇ ਹਾਂ ਪਰ ਸਾਰਾ ਉਤਪਾਦ ਪੰਜਾਬ ਵਿੱਚ ਹੀ ਵਿਕ ਜਾਂਦਾ ਹੈ। ਕਿਉਂਕਿ ਪੰਜਾਬ ਵਿੱਚ ਹੀ ਮੰਗ ਇੰਨੀ ਜਿਆਦਾ ਹੈ ਕਿ ਬਾਹਰਲੇ ਸੂਬਿਆਂ ਤੋਂ ਫੁੱਲ ਆਉਂਦਾ ਹੈ। ਉਹ ਵੀ ਉਸ ਸਮੇਂ ਜਦੋਂ ਬਣਾਉਟੀ ਫੁੱਲ ਵੀ ਬਾਜਾਰ ਵਿੱਚ ਪਕੜ ਬਣਾ ਰਿਹਾ ਹੈ। ਭਾਵ ਕਿ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਨਵੇਂ ਕਿਸਾਨਾ ਲਈ ਇਹ ਖੇਤਰ ਸੁਨਿਹਰੀ ਮੌਕਾ ਹੈ।
ਬੀਜ ਅਤੇ ਪਨੀਰੀ ਵੱਲ ਕਦਮ
ਫੁੱਲਾਂ ਦੀ ਕਾਸ਼ਤ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬੀਜ ਅਤੇ ਪਨੀਰੀ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਆਮਦਨ ਨੂੰ ਹੋਰ ਮਜ਼ਬੂਤੀ ਮਿਲੀ ਹੈ ਅਤੇ ਖੇਤੀ ਇੱਕ ਪੂਰੇ ਵਪਾਰਕ ਮਾਡਲ ਵਜੋਂ ਵਿਕਸਿਤ ਹੋ ਰਹੀ ਹੈ। ਉਹ ਕਹਿੰਦੇ ਹਨ ਕਿ ਪਨੀਰੀ ਦੀ ਮੰਗ ਦਿਨ-ਬ-ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਕਰਕੇ ਪਨੀਰੀ ਦਾ ਕੰਮ ਲਗਾਤਾਰ ਵਧਾਇਆ ਜਾ ਰਿਹਾ ਹੈ। ਗਰਮੀਆਂ ਵਿੱਚ ਖੁੱਲੇ ਖੇਤ ਵਿੱਚ ਪਨੀਰੀ ਤਿਆਰ ਹੋ ਜਾਂਦੀ ਹੈ ਪਰ ਹੁਣ ਅਸੀਂ ਸਰਦੀਆਂ ਦੇ ਸੀਜ਼ਨ ਲਈ ਪੌਲੀ ਹਾਊਸ ਦੀ ਯੋਜਨਾ ਬਣਾ ਰਹੇ ਹਾਂ।
ਉਹ ਦੱਸਦੇ ਹਨ ਕਿ ਫੁੱਲ ਤਾਂ ਪੰਜਾਬ ਵਿੱਚ ਹੀ ਖਪ ਜਾਂਦੇ ਹਨ, ਪਰ ਪਨੀਰੀ ਦੇਸ਼ ਭਰ ਵਿੱਚ ਭੇਜੀ ਜਾਂਦੀ ਹੈ, ਜਿਸ ਨਾਲ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਵੀ ਵਧੀਆ ਕਿਸਮ ਦੀ ਪਨੀਰੀ ਮਿਲ ਰਹੀ ਹੈ।
COMMENTS