ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਜਿਥੇ ਰਵਾਇਤੀ ਫਸਲਾਂ ਦੀ ਖੇਤੀ ਤਾਂ ਕੀਤੀ ਹੀ ਜਾਂਦੀ ਹੈ ਤੇ ਹੁਣ ਖੇਤੀ ਵਿੱਚ ਤਜਰਬਿਆਂ ਰਾਹੀਂ ਨਵੇਂ-ਨਵੇਂ ਤਰੀਕਿਆਂ ਦਾ ਵੀ ਪ੍ਰਯੋਗ ਕੀਤਾ ਜਾ ਰਿਹ
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਜਿਥੇ ਰਵਾਇਤੀ ਫਸਲਾਂ ਦੀ ਖੇਤੀ ਤਾਂ ਕੀਤੀ ਹੀ ਜਾਂਦੀ ਹੈ ਤੇ ਹੁਣ ਖੇਤੀ ਵਿੱਚ ਤਜਰਬਿਆਂ ਰਾਹੀਂ ਨਵੇਂ-ਨਵੇਂ ਤਰੀਕਿਆਂ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ। ਖੇਤੀ ਵਿੱਚ ਡਰੈਗਨ ਫਰੂਟ ਦੀ ਖੇਤੀ ਖਾਸ ਤੌਰ ‘ਤੇ ਉੱਭਰ ਕੇ ਸਾਹਮਣੇ ਆ ਰਹੀ ਹੈ.
ਇਸੇ ਤਰਜ਼ ‘ਤੇ ਪੰਜਾਬ ਵਿਚ ਤਬਦੀਲੀ ਵਾਲੀ ਖੇਤੀ ਅਤੇ ਉੱਚ ਮੁੱਲ ਵਾਲੀਆਂ ਫਸਲਾਂ ਵੱਲ ਵੱਧ ਰਹੇ ਰੁਝਾਨ ਦੀ ਜੀਤੀ-ਜਾਗਦੀ ਮਿਸਾਲ ਬਣੇ ਸ੍ਰੀ ਮੁਕਤਸਰ ਸਾਹਿਬ ਦੇ ਅਗਾਂਹਵਧੂ ਕਿਸਾਨ ਬਿਕਰਮਜੀਤ ਸਿੰਘ. ਸ਼ੁਰੂ ਤੋਂ ਹੀ ਪੌਦਿਆਂ ਦੇ ਨਾਲ ਖਾਸ ਲਗਾਵ ਹੋਣ ਕਾਰਨ ਉਹਨਾਂ ਨੇ ਆਪਣੇ ਘਰ ਵਿਚ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਉਹਨਾਂ ਦੀ ਸਾਂਭ-ਸੰਭਾਲ ਕੀਤੀ. ਸਾਲ 2021 ਵਿੱਚ ਉਨ੍ਹਾਂ ਨੇ ਆਪਣੇ ਖੇਤਾਂ ਨੂੰ ਬਾਗਬਾਨੀ ਵੱਲ ਮੋੜ ਕੇ ਸੁਚੱਜੇ ਤਰੀਕੇ ਨਾਲ ਖੇਤੀ ਦੀ ਸ਼ੁਰੂ ਕੀਤੀ। ਬਿਕਰਮਜੀਤ ਸਿੰਘ ਨੇ ਬੀ-ਟੈਕ ਦੀ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਮੁਤਾਬਕ ਇਹ ਖੇਤੀ ਹਿੰਮਤ ਦੀ ਗੱਲ, ਮਿਹਨਤ ਅਤੇ ਸਹੀ ਜਾਣਕਾਰੀ ਨਾਲ ਸਫ਼ਲ ਕਿਸਾਨੀ ਕੀਤੀ ਜਾ ਸਕਦੀ ਹੈ.
ਕਿਵੇਂ ਸ਼ੁਰੂ ਕੀਤੀ ਖੇਤੀ

ਕੁਝ ਸਮਾਂ ਪਹਿਲਾਂ ਬਿਕਰਮਜੀਤ ਸਿੰਘ ਹੁਸ਼ਿਆਰਪੁਰ ਵਿੱਚ ਸਥਿਤ ਡਰੈਗਨ ਫਰੂਟ ਦੇ ਇੱਕ ਫਾਰਮ ‘ਤੇ ਗਏ ਸਨ. ਦਰਅਸਲ ਇਹ ਫਾਰਮ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਵੱਲੋਂ ਵਿਖਾਇਆ ਗਿਆ ਸੀ, ਕਿਉਂਕਿ ਉਨ੍ਹਾਂ ਦਾ ਭਰਾ ਬਿਕਰਮਜੀਤ ਦੇ ਪੌਦਿਆਂ ਪ੍ਰਤੀ ਸ਼ੌਂਕ ਤੋਂ ਜਾਣੂ ਸੀ। ਇਸ ਦੌਰੇ ਤੋਂ ਬਾਅਦ ਬਿਕਰਮਜੀਤ ਸਿੰਘ ਨੂੰ ਇਸ ਖੇਤੀ ਵਿੱਚ ਨਵੀਨਤਾ ਨਜ਼ਰ ਆਈ।
ਹੁਣ ਉਹ ਆਪਣੇ ਖੇਤਾਂ ਵਿੱਚ ਡਰੈਗਨ ਫਰੂਟ, ਕਿੰਨੂ ਅਤੇ ਅਮਰੂਦ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਸਾਢੇ ਚਾਰ ਏਕੜ ਜ਼ਮੀਨ ’ਤੇ ਡਰੈਗਨ ਫਰੂਟ ਲਗਾਇਆ ਹੋਇਆ ਹੈ। ਉਹ ਦੱਸਦੇ ਹਨ ਕਿ ਡਰੈਗਨ ਫਰੂਟ ਦੇ ਪੌਦੇ ਨੂੰ ਲਗਭਗ 14 ਮਹੀਨਿਆਂ ਵਿੱਚ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ, ਹਾਲਾਂਕਿ ਪਹਿਲੇ ਸਾਲ ਵਧੇਰੇ ਫਲ ਨਹੀਂ ਲੈਣਾ ਚਾਹੀਦਾ ਤਾਂ ਜੋ ਪੌਦਾ ਮਜ਼ਬੂਤ ਹੋ ਸਕੇ।
ਡਰੈਗਨ ਫਰੂਟ ਦੀ ਦੇਖਭਾਲ

ਬਿਕਰਮਜੀਤ ਸਿੰਘ ਮੁਤਾਬਕ ਡਰੈਗਨ ਫਰੂਟ ਦੀ ਫਸਲ ਨਾ ਤਾਂ ਬਹੁਤ ਵਧੇਰੇ ਗਰਮੀ ਸਹਾਰਦੀ ਹੈ ਅਤੇ ਨਾ ਹੀ ਵਧੇਰੇ ਸਰਦੀ। ਸਰਦੀਆਂ ਵਿੱਚ ਤਾਪਮਾਨ 2 ਡਿਗਰੀ ਤੋਂ ਹੇਠਾਂ ਨਹੀਂ ਜਾਣਾ ਚਾਹੀਦਾ ਅਤੇ ਗਰਮੀਆਂ ਵਿੱਚ 45 ਡਿਗਰੀ ਤੋਂ ਉੱਪਰ ਜਾਣ ਨਾਲ ਪੌਦਿਆਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
ਪੌਦੇ ਨੂੰ ਜ਼ਮੀਨ ਵਿੱਚ ਲਗਾਉਂਦੇ ਸਮੇਂ ਵੀ ਵਿਸ਼ੇਸ਼ ਧਿਆਨ ਦੀ ਲੋੜ ਹੁੰਦੀ ਹੈ। ਜੇਕਰ ਜੜ੍ਹ ਗਲਤ ਢੰਗ ਨਾਲ, ਜਿਵੇਂ ਬਹੁਤ ਡੂੰਘੀ ਲਗ ਜਾਵੇ, ਤਾਂ ਮੁੱਢ ਗਲਣ ਲੱਗ ਜਾਂਦਾ ਹੈ ਅਤੇ ਫੰਗਸ ਦਾ ਖ਼ਤਰਾ ਵੱਧ ਜਾਂਦਾ ਹੈ।
ਉਨ੍ਹਾਂ ਮੁਤਾਬਕ ਇੱਕ ਏਕੜ ਡਰੈਗਨ ਫਰੂਟ ਦੀ ਖੇਤੀ ਦੀ ਸ਼ੁਰੂਆਤ ਲਈ ਲਗਭਗ 4 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ। ਉਹ ਦੱਸਦੇ ਹਨ ਕਿ ਜੇ ਪੌਦਾ ਪੀਲਾ ਪੈ ਜਾਵੇ ਤਾਂ ਉਸ ਤੋਂ ਫਲ ਨਹੀਂ ਲਿਆ ਜਾ ਸਕਦਾ, ਕਿਉਂਕਿ ਪੌਦੇ ਦੀ ਸਾਰੀ ਸ਼ਕਤੀ ਮੁੜ ਹਰਾ ਹੋਣ ਵਿੱਚ ਲੱਗ ਜਾਂਦੀ ਹੈ। ਇਸ ਨਾਲ ਆਰਥਿਕ ਨੁਕਸਾਨ ਵੀ ਹੁੰਦਾ ਹੈ ਅਤੇ ਜੇ ਬਹੁਤੇ ਪੌਦੇ ਨਸ਼ਟ ਹੋ ਜਾਣ, ਤਾਂ ਲਾਗਤ ਖਰਚ ਵੀ ਡੁੱਬ ਸਕਦਾ ਹੈ।
ਸਫਲਤਾ ਲਈ ਜ਼ਰੂਰੀ ਗੱਲਾਂ

ਬਿਕਰਮਜੀਤ ਸਿੰਘ ਮੁਤਾਬਕ ਡਰੈਗਨ ਫਰੂਟ ਦੀ ਖੇਤੀ ਵਿੱਚ ਸਹੀ ਵੈਰਾਇਟੀ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਨਵੇਂ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੁਝ ਕਨਾਲਾਂ ਤੋਂ ਸ਼ੁਰੂਆਤ ਕਰਨ, ਤਾਂ ਜੋ ਵਧੀਆ ਵੈਰਾਇਟੀ ਤਿਆਰ ਹੋ ਸਕੇ ਅਤੇ ਤਜਰਬਾ ਵੀ ਮਿਲੇ।
ਬਿਕਰਮਜੀਤ ਸਿੰਘ ਨੇ ਕਈ ਕਿਸਾਨਾਂ ਦੇ ਅਸਫਲ ਹੋਣ ਦਾ ਮੁੱਖ ਕਾਰਨ ਗਲਤ ਵੈਰਾਇਟੀ ਦੀ ਚੋਣ ਦੱਸਿਆ ਹੈ। ਇਸ ਨਾਲ ਨਾ ਸਿਰਫ ਉਤਪਾਦਨ ਘੱਟ ਹੁੰਦਾ ਹੈ, ਸਗੋਂ ਫਲ ਦਾ ਆਕਾਰ ਵੀ ਛੋਟਾ ਰਹਿ ਜਾਂਦਾ ਹੈ।
ਉਨ੍ਹਾਂ ਦੇ ਅਨੁਸਾਰ ਰਿੰਗ ਪੋਲ ਢੰਗ ਨਾਲ ਇੱਕ ਏਕੜ ਤੋਂ 4 ਤੋਂ 8 ਟਨ ਤੱਕ ਝਾੜ ਮਿਲ ਸਕਦਾ ਹੈ, ਜਦਕਿ ਟ੍ਰੈਲਿਸ ਵਿਧੀ ਨਾਲ 10 ਟਨ ਤੱਕ ਉਤਪਾਦਨ ਵੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਕਹਿਣੇ ਅਨੁਸਾਰ ਰਿੰਗ ਪੋਲ ਦੇ ਢੰਗ ਵਿੱਚ 4 ਟਨ ਤੋਂ ਲੈ ਕੇ 8 ਟਨ ਤੱਕ ਝਾੜ ਹੋ ਸਕਦਾ ਹੈ ਅਤੇ ਟ੍ਰੈਲਿਸ ਵਿਧੀ ਵਿੱਚ 10 ਟਨ ਤੱਕ ਝਾੜ ਵੀ ਹਾਸਲ ਕੀਤਾ ਜਾ ਸਕਦਾ ਹੈ।
ਡਰੈਗਨ ਫਰੂਟ ਫਾਰਮਿੰਗ ਵਿੱਚ ਇੱਕ ਵਾਰ ਬੂਟਾ ਲਗਾਉਣ ਤੋਂ ਬਾਅਦ 25 ਸਾਲ ਤੱਕ ਫਲ ਪ੍ਰਾਪਤ ਹੁੰਦੇ ਹਨ, ਜੋ ਕਿ ਕਿਸਾਨਾਂ ਦੀ ਆਮਦਨ ਵਧਾਉਣ ਦਾ ਇੱਕ ਸਰਲ ਅਤੇ ਸਹੀ ਤਰੀਕਾ ਸਾਬਤ ਹੋ ਰਿਹਾ ਹੈ।
COMMENTS