ਪੰਜਾਬ, ਜਿਸ ਨੂੰ ਕਦੇ ਦੇਸ਼ ਦਾ ‘ਅੰਨਦਾਤਾ’ ਅਤੇ ਹਰੀ ਕ੍ਰਾਂਤੀ ਦਾ ਕੇਂਦਰ ਕਿਹਾ ਜਾਂਦਾ ਸੀ, ਅੱਜ ਇੱਕ ਬਹੁਤ ਹੀ ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਸੰਕ
ਪੰਜਾਬ, ਜਿਸ ਨੂੰ ਕਦੇ ਦੇਸ਼ ਦਾ ‘ਅੰਨਦਾਤਾ’ ਅਤੇ ਹਰੀ ਕ੍ਰਾਂਤੀ ਦਾ ਕੇਂਦਰ ਕਿਹਾ ਜਾਂਦਾ ਸੀ, ਅੱਜ ਇੱਕ ਬਹੁਤ ਹੀ ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਸੰਕਟ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। World Bank ਦੇ ਪ੍ਰਧਾਨ ਅਜੈ ਬੰਗਾ ਨੇ ਪੰਜਾਬ ਦੀ ਖੇਤੀਬਾੜੀ ਅਤੇ ਸ਼ਹਿਰੀ ਆਰਥਿਕਤਾ ਦੀ ਮੌਜੂਦਾ ਸਥਿਤੀ ‘ਤੇ ਇੱਕ ਚਿੰਤਾਜਨਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਕਿਵੇਂ ਪੰਜਾਬ ਦੇ ਨੌਜਵਾਨ ਆਪਣੀ ਜੱਦੀ ਜ਼ਮੀਨ ਵੇਚ ਕੇ ਕੁਝ ਸਾਲਾਂ ਲਈ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਂਦੇ ਹਨ, ਪਰ ਜਲਦੀ ਹੀ ਸਭ ਕੁਝ ਗੁਆ ਕੇ ਮੁੜ ਮਜ਼ਦੂਰੀ ਜਾਂ ਛੋਟੀਆਂ-ਮੋਟੀਆਂ ਨੌਕਰੀਆਂ ਲੱਭਣ ਲਈ ਮਜ਼ਬੂਰ ਹੋ ਜਾਂਦੇ ਹਨ।
4 ਸਾਲ ਦੀ ਅਮੀਰੀ ਅਤੇ SUV ਦਾ ਕਰੇਜ਼
ਅਜੈ ਬੰਗਾ, ਜੋ ਪੰਜਾਬੀ ਪਿਛੋਕੜ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਨੇ ਗਲੋਬਲ ਆਰਥਿਕ ਮੰਚ ‘ਤੇ ਬੋਲਦਿਆਂ ਕਿਹਾ, “ਮੈਂ ਪੰਜਾਬ ਤੋਂ ਹਾਂ, ਜੋ ਕਦੇ ਭਾਰਤ ਦੀ ਖੇਤੀਬਾੜੀ ਦਾ ਮੁੱਖ ਕੇਂਦਰ ਹੁੰਦਾ ਸੀ। ਅੱਜ ਉੱਥੇ ਅਜਿਹੇ ਨੌਜਵਾਨ ਮਿਲਣਗੇ ਜਿਨ੍ਹਾਂ ਨੇ ਆਪਣੀ ਜ਼ਮੀਨ ਵੇਚ ਦਿੱਤੀ ਹੈ। ਉਹ ਚਾਰ ਸਾਲਾਂ ਤੱਕ ਅਮੀਰ ਰਹਿੰਦੇ ਹਨ, ਵੱਡੀ SUV ਖ਼ਰੀਦਦੇ ਹਨ, ਨਸ਼ਾ ਕਰਦੇ ਹਨ ਅਤੇ ਸ਼ਰਾਬ ‘ਤੇ ਖ਼ਰਚ ਕਰਦੇ ਹਨ। ਪਰ ਜਲਦੀ ਹੀ ਉਹ ਕੰਗਾਲ ਹੋ ਕੇ ਗੁਜ਼ਾਰੇ ਲਈ ਛੋਟੀਆਂ-ਮੋਟੀਆਂ Gig Jobs ਜਿਵੇਂ ਡਿਲੀਵਰੀ ਬੁਆਏ ਜਾਂ ਡਰਾਈਵਰ ਬਣਨ ਲਈ ਭਟਕਦੇ ਹਨ।” ਇਹ ਬਿਆਨ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਦਿਖਾਵਾ ਹਾਵੀ ਹੈ ਅਤੇ ਨੌਜਵਾਨਾਂ ਕੋਲ ਸਹੀ ਮਾਰਗਦਰਸ਼ਨ ਦੀ ਕਮੀ ਹੈ।
ਉਤਪਾਦਕਤਾ ਦੀ ਕਮੀ ਅਤੇ ਸਿਸਟਮ ਦੀਆਂ ਖਾਮੀਆਂ
World Bank ਦੇ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਨੌਜਵਾਨਾਂ ਦੇ ਗਿਗ ਵਰਕਰ ਬਣਨ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਇਹ ਖੇਤੀਬਾੜੀ ਰਾਹੀਂ ਪ੍ਰਾਪਤ ਕੀਤੀ ਜਾ ਸਕਣ ਵਾਲੀ ਵੱਡੀ ਸੰਭਾਵਨਾ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਜ਼ਿਕਰਯੋਗ ਉਨ੍ਹਾਂ ਦੇ ਮੁਤਾਬਕ, ਪੰਜਾਬ ਦੀ ਜਵਾਨੀ ਕੋਲ ਉਤਪਾਦਕਤਾ ਵਧਾਉਣ ਦੇ ਮੌਕੇ ਨਹੀਂ ਹਨ। ਜੇਕਰ ਸਿਸਟਮ ਸਹੀ ਹੁੰਦਾ, ਤਾਂ ਇਹ ਨੌਜਵਾਨ ਜ਼ਮੀਨ ਵੇਚਣ ਦੀ ਬਜਾਏ ਉਸੇ ਜ਼ਮੀਨ ਤੋਂ ਵਧੇਰੇ ਮੁਨਾਫ਼ਾ ਕਮਾ ਸਕਦੇ ਸਨ। ਪਰ ਅੱਜ, ਖੇਤੀਬਾੜੀ ਲਾਹੇਵੰਦ ਨਾ ਹੋਣ ਕਾਰਨ ਨੌਜਵਾਨ ਸ਼ਾਰਟਕੱਟ ਲੱਭ ਰਹੇ ਹਨ, ਜੋ ਉਨ੍ਹਾਂ ਨੂੰ ਕੁਝ ਹੀ ਸਾਲਾਂ ਵਿੱਚ ਬਰਬਾਦੀ ਦੇ ਕੰਢੇ ਲੈ ਜਾਂਦਾ ਹੈ।
ਕੋਆਪਰੇਟਿਵ ਅਤੇ ਆਧੁਨਿਕ ਤਕਨੀਕ ਦੀ ਲੋੜ
ਇਸ ਆਰਥਿਕ ਦਲਦਲ ਵਿੱਚੋਂ ਨਿਕਲਣ ਲਈ ਅਜੈ ਬੰਗਾ ਨੇ ਕੁਝ ਅਹਿਮ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਆਪਣੀ ਜ਼ਮੀਨ ਨਾ ਵੇਚਣ, ਤਾਂ ਖੇਤੀਬਾੜੀ ਨੂੰ ਆਧੁਨਿਕ ਬਣਾਉਣਾ ਪਵੇਗਾ। ਇਸ ਮਕਸਦ ਲਈ ਕਿਸਾਨਾਂ ਨੂੰ ਇਕੱਠੇ ਕਰਕੇ ਮਜ਼ਬੂਤ ਸਹਿਕਾਰੀ ਸਭਾਵਾਂ (ਕੋਆਪਰੇਟਿਵ ਮਾਡਲ) ਤਿਆਰ ਕਰਨੇ ਪੈਣਗੇ। ਨਵੀਂ ਤਕਨਾਲੋਜੀ ਅਤੇ ਆਧੁਨਿਕ ਖੋਜਾਂ ਉਨ੍ਹਾਂ ਤੱਕ ਪਹੁੰਚਾਉਣੀਆਂ ਹੋਣਗੀਆਂ। ਇਸ ਦੇ ਨਾਲ ਹੀ ਕਿਸਾਨਾਂ ਦੀ ਪਹੁੰਚ ਬਿਹਤਰ ਗੁਣਵੱਤਾ ਵਾਲੇ ਉੱਨਤ ਬੀਜਾਂ ਅਤੇ ਖਾਦਾਂ ਤੱਕ ਆਸਾਨ ਬਣਾਉਣੀ ਪਵੇਗੀ ਤਾਂ ਜੋ ਫ਼ਸਲ ਦੀ ਲਾਗਤ ਘਟੇ ਅਤੇ ਝਾੜ ਵਧਾਇਆ ਜਾ ਸਕੇ।
ਪੰਜਾਬ ਦੇ ਮੌਜੂਦਾ ਹਾਲਾਤ ਅਤੇ ਅੰਦੋਲਨ
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੰਜਾਬ ਦੇ ਕਿਸਾਨ ਪਹਿਲਾਂ ਹੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕਿਸਾਨ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ ਅਤੇ ਸਹਿਕਾਰੀ ਖੰਡ ਮਿੱਲਾਂ ਨੂੰ ਬਚਾਉਣ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਖੇਤੀਬਾੜੀ ਖੇਤਰ ਵਿੱਚ ਵੱਧ ਰਹੇ ਸੰਕਟ ਅਤੇ ਸਰਕਾਰੀ ਨੀਤੀਆਂ ਦੀ ਕਮੀ ਕਾਰਨ, ਪਿੰਡਾਂ ਦੀ ਅਮੀਰ ਵਿਰਾਸਤ ਹੌਲੀ-ਹੌਲੀ ਖ਼ਤਮ ਹੋ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਜ਼ਮੀਨਾਂ ਵੇਚ ਕੇ ਜਾਂ ਤਾਂ ਵਿਦੇਸ਼ ਜਾ ਰਹੀ ਹੈ ਜਾਂ ਸ਼ਹਿਰਾਂ ਵਿੱਚ ਅਸਥਾਈ ਨੌਕਰੀਆਂ ‘ਤੇ ਨਿਰਭਰ ਹੋ ਰਹੀ ਹੈ।
World Bank ਦੇ ਪ੍ਰਧਾਨ ਦੀ ਇਹ ਟਿੱਪਣੀ ਪੰਜਾਬ ਲਈ ਇੱਕ ਵੱਡੀ ਚੇਤਾਵਨੀ ਹੈ। ਇਹ ਦਰਸਾਉਂਦੀ ਹੈ ਕਿ ਸਿਰਫ਼ ਜ਼ਮੀਨ ਵੇਚ ਕੇ ਚਾਰ ਦਿਨ ਦੀ ਸ਼ਾਨੋ-ਸ਼ੌਕਤ ਹਾਸਲ ਕਰਨਾ ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਸਕਦਾ। ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਤੁਰੰਤ ਵੱਡੇ ਨੀਤੀਗਤ ਸੁਧਾਰਾਂ, ਖੇਤੀਬਾੜੀ ਵਿੱਚ ਆਧੁਨਿਕੀਕਰਨ ਅਤੇ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਦੇਣ ਦੀ ਤੁਰੰਤ ਲੋੜ ਹੈ, ਤਾਂ ਜੋ ਪੰਜਾਬ ਆਪਣੀ ਗੁਆਚੀ ਹੋਈ ਆਰਥਿਕ ਸ਼ਾਨ ਮੁੜ ਨੂੰ ਹਾਸਲ ਕਰ ਸਕੇ।
COMMENTS