ਕਿਸਾਨ ਮੇਲੇ ਵਿੱਚ PAU ਨੇ ਸਿਫਾਰਸ਼ ਕੀਤੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਨਵੀਆਂ ਕਿਸਮਾਂ, ਵਿਭਿੰਨ ਖੇਤੀ ਵੱਲ ਵਧਦੇ ਕਦਮ

ਕਿਸਾਨ ਮੇਲੇ ਵਿੱਚ PAU ਨੇ ਸਿਫਾਰਸ਼ ਕੀਤੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਨਵੀਆਂ ਕਿਸਮਾਂ, ਵਿਭਿੰਨ ਖੇਤੀ ਵੱਲ ਵਧਦੇ ਕਦਮPic Credit: PAU

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ‘ਸਾਉਣੀ ਦਾ ਕਿਸਾਨ ਮੇਲਾ’ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਵਾਰ ਮੇਲੇ ਦਾ

ਵਾਢੀ ਉਪਰੰਤ ਪ੍ਰਬੰਧਨ ਅਤੇ ਫੂਡ ਪ੍ਰੋਸੈਸਿੰਗ: ਕਿਸਾਨੀ ਆਮਦਨ ਵਿੱਚ ਹੋਵੇਗਾ ਵੱਡਾ ਵਾਧਾ
ਕੈਨੇਡਾ ਛੱਡ ਪੰਜਾਬ ਪਰਤੇ ਨੌਜਵਾਨ ਕਿਸਾਨ ਕੰਨਵਰਬੀਰ ਸਿੰਘ ਕਰ ਰਹੇ ਡਰੈਗਨ ਫਰੂਟ ਦੀ ਖੇਤੀ,ਜਾਣੋ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਇਹ ਮੁਨਾਫੇਦਾਰ ਫਲ ਦੀ ਖੇਤੀ
ਛੱਤ ਉੱਤੇ ਖੇਤੀ, ਮਨ ਵਿੱਚ ਜਨੂੰਨ: ਰਾਜਵਿੰਦਰ ਕੌਰ ਦੇ ਟੈਰਸ ਗਾਰਡਨ ਦੀ ਪ੍ਰੇਰਨਾਦਾਇਕ ਕਹਾਣੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ‘ਸਾਉਣੀ ਦਾ ਕਿਸਾਨ ਮੇਲਾ’ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਵਾਰ ਮੇਲੇ ਦਾ ਮੁੱਖ ਵਿਸ਼ਾ “ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ” ਰੱਖਿਆ ਗਿਆ ਸੀ। ਇਸ ਮੇਲੇ ਵਿੱਚ ਇਲਾਕੇ ਦੇ ਹਜ਼ਾਰਾਂ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਇਸ ਮੇਲੇ ਦਾ ਮੁੱਖ ਮਕਸਦ ਕੰਢੀ ਖੇਤਰ ਦੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ, ਬੀਜਾਂ ਅਤੇ ਖੇਤੀ ਦੇ ਬਦਲਵੇਂ ਤਰੀਕਿਆਂ ਨਾਲ ਜੋੜਨਾ ਸੀ ਤਾਂ ਜੋ ਕੁਦਰਤੀ ਸਰੋਤਾਂ ਦੀ ਰੱਖਿਆ ਕਰਦੇ ਹੋਏ ਮੁਨਾਫ਼ਾ ਵਧਾਇਆ ਜਾ ਸਕੇ।

ਸਮਾਗਮ ਦਾ ਉਦਘਾਟਨ ਅਤੇ ਮੁੱਖ ਮਹਿਮਾਨ

ਇਸ ਮੇਲੇ ਦੀ ਪ੍ਰਧਾਨਗੀ PAU ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਇਸ ਸਮਾਗਮ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂ ਕਿ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। 

ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਮੁੱਖ ਖੇਤੀਬਾੜੀ ਅਧਿਕਾਰੀ, SBS ਨਗਰ ਰਾਕੇਸ਼ ਕੁਮਾਰ, ਵਧੀਕ ਨਿਰਦੇਸ਼ਕ, ਸੰਚਾਰ ਕੇਂਦਰ ਡਾ. ਟੀ. ਐਸ. ਰਿਆੜ, ਡੀਨ, ਖੇਤੀਬਾੜੀ ਕਾਲਜ (COA) ਡਾ. ਮਨਮੋਹਨਜੀਤ ਸਿੰਘ ਅਤੇ RRS, ਬੱਲੋਵਾਲ ਸੌਂਖੜੀ ਦੇ ਡਾਇਰੈਕਟਰ ਵੀ ਹਾਜ਼ਰ ਸਨ।

ਵਾਈਸ-ਚਾਂਸਲਰ ਡਾ. ਗੋਸਲ ਦਾ ਸੰਬੋਧਨ: ਪਾਣੀ ਅਤੇ ਵਾਤਾਵਰਣ ਸੰਭਾਲ

ਡਾ. ਸਤਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਵਿਭਿੰਨਤਾ ਅਪਣਾਉਣ। ਉਨ੍ਹਾਂ ਕਿਹਾ ਕਿ ਬੱਲੋਵਾਲ ਸੌਂਖੜੀ ਕੇਂਦਰ 1982 ਤੋਂ ਕੰਡੀ ਖੇਤਰ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਅਦਰਕ ਦੀ ਖੇਤੀ ‘ਤੇ ਜ਼ੋਰ ਦਿੱਤਾ, ਜਿਸ ‘ਤੇ ਯੂਨੀਵਰਸਿਟੀ ਨੇ ਇਸ ਇਲਾਕੇ ਲਈ ਕਾਫ਼ੀ ਖੋਜ ਕੀਤੀ ਹੈ। ਡਾ. ਗੋਸਲ ਨੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਡਿਜੀਟਲ ਅਖ਼ਬਾਰ ‘ਖੇਤੀ ਸੰਦੇਸ਼’ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਸ. ਮਲਵਿੰਦਰ ਸਿੰਘ ਕੰਗ ਦੇ ਵਿਚਾਰ: ਸਵੈ-ਰੁਜ਼ਗਾਰ ਅਤੇ ਖੇਤੀ ਉਦਯੋਗ

ਮੁੱਖ ਮਹਿਮਾਨ ਸ. ਮਲਵਿੰਦਰ ਸਿੰਘ ਕੰਗ ਨੇ PAU ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਸਿੱਧਾ ਸਬੰਧ ਸਥਾਪਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿੱਚ ਰੁਜ਼ਗਾਰ ਅਤੇ ਉੱਦਮ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਖੇਤੀ-ਅਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਸੂਬੇ ਵਿੱਚ ਹੀ ਰੁਜ਼ਗਾਰ ਮਿਲ ਸਕੇ।

ਨਵੀਆਂ ਕਿਸਮਾਂ ਅਤੇ ਤਕਨੀਕਾਂ ਦੀ ਪ੍ਰਦਰਸ਼ਨੀ

ਮੇਲੇ ਦੌਰਾਨ ਖੇਤੀਬਾੜੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ। PAU ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ:

  • ਝੋਨਾ PR 133: ਇਹ ਕਿਸਮ ਬੈਕਟੀਰੀਆ ਝੁਲਸ ਬਿਮਾਰੀ ਪ੍ਰਤੀ ਰੋਧਕ ਹੈ ਅਤੇ ਇਸ ਦੀ ਮਿਲਿੰਗ ਗੁਣਵੱਤਾ ਬਹੁਤ ਵਧੀਆ ਹੈ।
  • ਨਰਮਾ PBD 88: ਦੇਸੀ ਕਪਾਹ ਦੀ ਇਹ ਕਿਸਮ 28 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ।
  • ਸਬਜ਼ੀਆਂ: ਖ਼ਰਬੂਜੇ ਦੀ ਹਾਈਬ੍ਰਿਡ ਕਿਸਮ MH-56 (ਜੋ 14% ਜ਼ਿਆਦਾ ਮਿੱਠੀ ਹੈ), ਬੈਂਗਣ ਦੀ ਬੀਜ ਰਹਿਤ ਕਿਸਮ PCDH-1, ਕਾਲੀ ਤੋਰੀ, ਕੱਦੂ ਅਤੇ ਮਟਰਾਂ ਦੀਆਂ ਅਗੇਤੀਆਂ ਕਿਸਮਾਂ ਬਾਰੇ ਦੱਸਿਆ ਗਿਆ।
  • ਫਲ: ਆੜੂ ਦੀ ਕਿਸਮ ‘ਪੰਜਾਬ ਨੈਕਟਰੀਨ-2’ ਅਤੇ ਡਰੈਗਨ ਫਰੂਟ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਗਿਆ।
  • ਵਣ ਖੇਤੀ: ਕੰਢੀ ਖੇਤਰ ਲਈ ‘ਕੈਜ਼ੂਰੀਨਾ’ ਦੇ ਰੁੱਖ ਲਗਾਉਣ ਦੀ ਸਿਫਾਰਸ਼ ਕੀਤੀ ਗਈ, ਜਿਸਦੀ ਕਾਗਜ਼ ਉਦਯੋਗ ਵਿੱਚ ਬਹੁਤ ਮੰਗ ਹੈ।

ਵਿਗਿਆਨਕ ਖੇਤੀ ਅਤੇ ਸੰਸਥਾਗਤ ਵਿਕਾਸ

ਇਸ ਮੌਕੇ ਬੱਲੋਵਾਲ ਸੌਂਖੜੀ ਵਿਖੇ ਨਵੇਂ ਬਣੇ ਲੜਕਿਆਂ ਦੇ ਹੋਸਟਲ ਦਾ ਮੁੱਖ ਮਹਿਮਾਨ ਨੇ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਹ ਹੋਸਟਲ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ੀ ਸਹੂਲਤਾਂ ਪੱਖੋਂ ਇੱਕ ਵੱਡੀ ਰਾਹਤ ਸਾਬਤ ਹੋਵੇਗਾ, ਜਿਸ ਨਾਲ ਖੇਤੀਬਾੜੀ ਦੀ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਪੜ੍ਹਾਈ ਲਈ ਸੁਖਾਵਾਂ ਮਾਹੌਲ ਮਿਲੇਗਾ। 

ਸਾਉਣੀ ਦੀਆਂ ਫ਼ਸਲਾਂ ਲਈ ‘ਪੈਕੇਜ ਆਫ਼ ਪ੍ਰੈਕਟਿਸਿਜ਼’ (ਸਿਫਾਰਸ਼ਾਂ ਦੀ ਕਿਤਾਬ) ਵੀ ਜਾਰੀ ਕੀਤੀ ਗਈ, ਜੋ ਕਿਸਾਨਾਂ ਲਈ ਇੱਕ ਵਿਗਿਆਨਕ ਗਾਈਡ ਵਾਂਗ ਕੰਮ ਕਰੇਗੀ। ਯੂਨੀਵਰਸਿਟੀ ਦੇ ਮਾਹਿਰ ਵਿਗਿਆਨੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਈ ਨਵੀਨਤਮ ਤਕਨੀਕਾਂ ਸਾਂਝੀਆਂ ਕੀਤੀਆਂ। ਖ਼ਾਸ ਤੌਰ ‘ਤੇ ਝੋਨੇ ਦੀ ਪਨੀਰੀ ਬੈੱਡਾਂ ‘ਤੇ ਤਿਆਰ ਕਰਨ ਦੇ ਫ਼ਾਇਦੇ ਦੱਸੇ ਗਏ, ਜਿਸ ਨਾਲ ਪਾਣੀ ਦੀ ਬਚਤ ਦੇ ਨਾਲ-ਨਾਲ ਬੂਟਿਆਂ ਦੀ ਗੁਣਵੱਤਾ ਵੀ ਵਧਦੀ ਹੈ। 

ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਕਣਕ ਦੀ ਰਹਿੰਦ-ਖੂੰਹਦ ਨੂੰ ਮਲਚਿੰਗ ਵਜੋਂ ਵਰਤਣ ਦੀ ਤਕਨੀਕ ‘ਤੇ ਜ਼ੋਰ ਦਿੱਤਾ ਗਿਆ, ਜੋ ਜ਼ਮੀਨ ਦੀ ਨਮੀ ਬਰਕਰਾਰ ਰੱਖਣ ਅਤੇ ਨਦੀਨਾਂ ਨੂੰ ਰੋਕਣ ਵਿੱਚ ਸਹਾਈ ਹੁੰਦੀ ਹੈ। ਕਿਸਾਨਾਂ ਨੂੰ ਮੱਕੀ, ਅਰਹਰ ਅਤੇ ਕਣਕ ਦਾ ਫ਼ਸਲੀ ਚੱਕਰ ਅਪਣਾਉਣ ਦੀ ਸਲਾਹ ਦਿੱਤੀ ਗਈ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ। ਇਸ ਤੋਂ ਇਲਾਵਾ, ਕੰਢੀ ਖੇਤਰ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਦੇ ਤਰੀਕਿਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਇਸ ਮੇਲੇ ਦੌਰਾਨ ਉਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਮੰਚ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਰਵਾਇਤੀ ਖੇਤੀ ਤਿਆਗ ਕੇ ਵਿਗਿਆਨਕ ਲੀਹਾਂ ‘ਤੇ ਨਵੇਂ ਤਜ਼ਰਬੇ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਸਨਮਾਨਿਤ ਕੀਤੇ ਗਏ ਕਿਸਾਨਾਂ ਵਿੱਚ ਹੁਸ਼ਿਆਰਪੁਰ ਤੋਂ ਸ. ਰਣਜੀਤ ਸਿੰਘ, ਸ. ਅਰਵਿੰਦਰ ਸਿੰਘ ਮਾਨ, ਸ. ਬਰਿੰਦਰ ਸਿੰਘ ਤਾਂਬਰ ਅਤੇ ਸ. ਗੁਰਮੀਤ ਸਿੰਘ ਸ਼ਾਮਲ ਸਨ।

ਇਸੇ ਤਰ੍ਹਾਂ, ਐਸ.ਬੀ.ਐਸ. ਨਗਰ ਤੋਂ ਸ. ਚਰਨਜੀਤ ਸਿੰਘ ਝੱਜ ਅਤੇ ਰੂਪਨਗਰ ਤੋਂ ਸ. ਹਰਜਾਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਕਿਸਾਨ ਦੂਜਿਆਂ ਲਈ ਪ੍ਰੇਰਨਾ ਸਰੋਤ ਹਨ, ਕਿਉਂਕਿ ਇਨ੍ਹਾਂ ਨੇ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਕੇ ਨਾ ਸਿਰਫ਼ ਆਪਣੀ ਆਮਦਨ ਵਧਾਈ ਹੈ, ਸਗੋਂ ਵਾਤਾਵਰਣ ਦੀ ਸੰਭਾਲ ਵਿੱਚ ਵੀ ਯੋਗਦਾਨ ਪਾਇਆ ਹੈ।

ਸੱਭਿਆਚਾਰਕ ਰੰਗ ਅਤੇ ਸਮਾਪਤੀ

ਇਹ ਪ੍ਰੋਗਰਾਮ ਵਿੱਚ ਪੀਏਯੂ ਦੀਆਂ ਵਿਦਿਆਰਥਣਾਂ ਦਿਲਖੁਸ਼ਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਵੱਲੋਂ ਕਾਵਿ ਪਾਠ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਮੇਲੇ ਨੂੰ ਸੱਭਿਆਚਾਰਕ ਅਤੇ ਪ੍ਰੇਰਨਾਦਾਇਕ ਅਹਿਸਾਸ ਦਿੱਤਾ। ਮੇਲੇ ਦੇ ਅੰਤ ਵਿੱਚ ਖੇਤੀਬਾੜੀ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬ ਦਾ ਰਵਾਇਤੀ ਲੋਕ ਨਾਚ ‘ਗਿੱਧਾ’ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਦਰਸਾਇਆ ਗਿਆ। ਇਸਦੇ ਨਾਲ ਹੀ ਮੇਲੇ ਵਿੱਚ ਆਏ ਹਜ਼ਾਰਾਂ ਕਿਸਾਨਾਂ ਲਈ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਸ੍ਰੀ ਚਮਕੌਰ ਸਾਹਿਬ ਵੱਲੋਂ ਲੰਗਰ ਵਰਤਾਇਆ ਗਿਆ।

ਅਖੀਰ ਵਿੱਚ ਡਾ. ਮਨਮੋਹਨਜੀਤ ਸਿੰਘ ਨੇ ਆਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤੋਂ ਇਲਾਵਾ ਸਟੇਜ ਦਾ ਸੰਚਾਲਨ ਕਰਦਿਆਂ ਡਾ. ਟੀ. ਐਸ. ਰਿਆੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ਼ ਬਦਲ ਰਹੀ ਤਕਨਾਲੋਜੀ ਵਿੱਚ ਮਾਹਿਰ ਬਣਨ ਲਈ ਯੂਨੀਵਰਸਿਟੀ ਦੇ ਫੇਸਬੁੱਕ ਲਾਈਵ ਪ੍ਰੋਗਰਾਮਾਂ, ਵਟਸਐਪ ਗਰੁੱਪਾਂ ਅਤੇ ਯੂਟਿਊਬ ਚੈਨਲਾਂ ਰਾਹੀਂ ਲਗਾਤਾਰ ਮਾਹਿਰਾਂ ਦੇ ਸੰਪਰਕ ਵਿੱਚ ਰਹਿਣ ਤਾਂ ਜੋ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾ ਸਕੇ।

COMMENTS

WORDPRESS: 0