ਕੈਨੇਡਾ ਛੱਡ ਕੇ ਪਿੰਡ ਪਰਤੇ ਕਿਸਾਨ ਨੇ ਸ਼ੁਰੂ ਕੀਤੀ Natural Farming, ਦੇਸੀ ਮਾਡਲ ਬਣਿਆ ਮਿਸਾਲ

ਕੈਨੇਡਾ ਛੱਡ ਕੇ ਪਿੰਡ ਪਰਤੇ ਕਿਸਾਨ ਨੇ ਸ਼ੁਰੂ ਕੀਤੀ Natural Farming, ਦੇਸੀ ਮਾਡਲ ਬਣਿਆ ਮਿਸਾਲPic Credit: PB-SHABD

ਅਜੋਕੇ ਦੌਰ ਵਿੱਚ ਜਿੱਥੇ ਕਿਸਾਨ ਖੇਤੀਬਾੜੀ ਲਾਗਤਾਂ ਦੇ ਵਧਣ ਅਤੇ ਘਟਦੇ ਮੁਨਾਫ਼ੇ ਕਾਰਨ ਚਿੰਤਤ ਹਨ, ਉੱਥੇ ਹੀ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਰਾਏਸਿੰਘ ਨਗਰ ਖੇਤਰ ਦੇ ਇੱਕ

PM ਮੋਦੀ ਨੂੰ ਮਿਲਿਆ UN ਦਾ ‘FAO Agricola Medal’, ਕੀਤਾ ਭਾਰਤ ਦੇ ਅੰਨਦਾਤਿਆਂ ਨੂੰ ਸਮਰਪਿਤ
Monsoon Dairy Animal Care: ਬਰਸਾਤ ਦੇ ਮੌਸਮ ਵਿੱਚ ਇੰਝ ਰੱਖੋ ਆਪਣੇ ਪਸ਼ੂਆਂ ਦਾ ਖ਼ਾਸ ਧਿਆਨ
ਪਸ਼ੂ ਪਾਲਕਾਂ ਲਈ ਖੁਸ਼ਖਬਰੀ: GADVASU ਵੱਲੋਂ 20-21 ਮਾਰਚ ਨੂੰ ਲਗਾਇਆ ਜਾਵੇਗਾ “ਪਸ਼ੂ ਪਾਲਣ ਮੇਲਾ”

ਅਜੋਕੇ ਦੌਰ ਵਿੱਚ ਜਿੱਥੇ ਕਿਸਾਨ ਖੇਤੀਬਾੜੀ ਲਾਗਤਾਂ ਦੇ ਵਧਣ ਅਤੇ ਘਟਦੇ ਮੁਨਾਫ਼ੇ ਕਾਰਨ ਚਿੰਤਤ ਹਨ, ਉੱਥੇ ਹੀ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਰਾਏਸਿੰਘ ਨਗਰ ਖੇਤਰ ਦੇ ਇੱਕ ਅਗਾਂਹਵਧੂ ਕਿਸਾਨ ਨਵਰੂਪ ਸਿੰਘ ਨੇ ਇੱਕ ਨਵਾਂ ਕਦਮ ਚੁੱਕਿਆ ਹੈ। ਨਵਰੂਪ ਸਿੰਘ ਦਾ ‘ਕੁਦਰਤੀ ਜੀਵਨ ਸ਼ੈਲੀ ਅਤੇ ਜੈਵਿਕ ਖੇਤੀ’ ਮਾਡਲ ਅੱਜਕੱਲ੍ਹ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਿੱਟੀ ਨਾਲ ਜੁੜਾਅ, ਕੱਚੇ ਘਰ ਅਤੇ ਰਸਾਇਣਾਂ ਤੋਂ ਮੁਕਤ ਖੇਤੀ ਦੇ ਜ਼ਰੀਏ ਉਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਇਹ ਮਾਡਲ ਘੱਟ ਖ਼ਰਚੇ ਵਿੱਚ ਆਤਮ-ਨਿਰਭਰ ਬਣਨ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਦਾ ਸੰਦੇਸ਼ ਦਿੰਦਾ ਹੈ।

ਕੈਨੇਡਾ ਦੀ ਚਕਾਚੌਂਧ ਛੱਡ ਮਿੱਟੀ ਨਾਲ ਪਾਈ ਸਾਂਝ

ਨਵਰੂਪ ਸਿੰਘ ਦੀ ਕਹਾਣੀ ਬਹੁਤ ਦਿਲਚਸਪ ਹੈ। ਉਹ ਕੈਨੇਡਾ ਵਿੱਚ ਲਗਭਗ 10 ਸਾਲ ਰਹੇ, ਪਰ ਆਪਣੀ ਮਿੱਟੀ ਦੇ ਮੋਹ ਨੇ ਉਨ੍ਹਾਂ ਨੂੰ ਵਾਪਸ ਭਾਰਤ ਪਰਤਣ ਲਈ ਮਜ਼ਬੂਰ ਕਰ ਦਿੱਤਾ। ਸਾਲ 2009 ਵਿੱਚ ਵਾਪਸ ਆਉਣ ਤੋਂ ਬਾਅਦ, ਉਨ੍ਹਾਂ ਨੇ ਪਿੰਡ ਵਿੱਚ ਰਹਿਣ ਅਤੇ ਕੁਦਰਤੀ ਜੀਵਨ ਸ਼ੈਲੀ ਅਪਣਾਉਣ ਦਾ ਫੈਸਲਾ ਕੀਤਾ। ਅੱਜ, ਉਨ੍ਹਾਂ ਨੂੰ ਕੁਦਰਤੀ ਖੇਤੀ ਕਰਦਿਆਂ ਲਗਭਗ 15 ਸਾਲ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਸਾਲਾਂ ਵਿੱਚ ਬਹੁਤ ਸੰਘਰਸ਼ ਕਰਨਾ ਪਿਆ ਸੀ, ਪਰ ਸਬਰ ਅਤੇ ਸਖ਼ਤ ਮਿਹਨਤ ਸਦਕਾ ਅੱਜ ਉਨ੍ਹਾਂ ਨੇ ਇੱਕ ਸਫ਼ਲ ਮਾਡਲ ਸਥਾਪਤ ਕੀਤਾ ਹੈ।

natural farming 5
Pic Credit: PB-SHABD

ਕੱਚੀਆਂ ਇੱਟਾਂ ਦਾ ਮਹਿਲ: ਪੁਰਾਤਨ ਵਿਰਾਸਤ ਅਤੇ ਆਧੁਨਿਕਤਾ ਦਾ ਸੁਮੇਲ

ਨਵਰੂਪ ਸਿੰਘ ਨੇ ਕੱਚੀਆਂ ਇੱਟਾਂ ਨਾਲ ਇੱਕ ਸ਼ਾਨਦਾਰ ਘਰ ਤਿਆਰ ਕੀਤਾ ਹੈ, ਜੋ ਕਿ ਪੁਰਾਣੇ ਸਾਮਾਨ ਨੂੰ ਨਵੇਂ ਤਰੀਕੇ ਨਾਲ ਵਰਤਣ ਦੀ ਇੱਕ ਉੱਤਮ ਮਿਸਾਲ ਹੈ। ਇਸ ਘਰ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

  • ਨਵੀਨਤਾ: ਘਰ ਵਿੱਚ ਪੁਰਾਣੇ ਸਾਮਾਨ ਨੂੰ ਬਹੁਤ ਹੀ ਕਲਾਤਮਕ ਤਰੀਕੇ ਨਾਲ ਵਰਤਿਆ ਗਿਆ ਹੈ।
  • ਵਿਲੱਖਣ ਵਾਸ਼ਬੇਸਿਨ: ਰਸੋਈ ਵਿੱਚ ਵਰਤੀ ਜਾਣ ਵਾਲੀ ਪਰਾਂਤ ਤੋਂ ਵਾਸ਼ਬੇਸਿਨ ਤਿਆਰ ਕੀਤਾ ਗਿਆ ਹੈ।
  • ਦੇਸੀ ਚਿਮਨੀ: ਪਿੱਤਲ ਦੇ ਬਰਤਨਾਂ ਅਤੇ ਲੋਹੇ ਦੇ ਡਰੱਮਾਂ ਦੀ ਵਰਤੋਂ ਕਰਕੇ ਇੱਕ ਪ੍ਰਭਾਵਸ਼ਾਲੀ ਚਿਮਨੀ ਬਣਾਈ ਗਈ ਹੈ।
  • ਪਾਣੀ ਦੀ ਸੰਭਾਲ: ਮੀਂਹ ਦੇ ਪਾਣੀ ਦੀ ਸੰਭਾਲ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਨਵਰੂਪ ਸਿੰਘ ਦਾ ਮੰਨਣਾ ਹੈ ਕਿ ਕੱਚੇ ਘਰ ਗਰਮੀਆਂ ਵਿੱਚ ਕੁਦਰਤੀ ਤੌਰ ‘ਤੇ ਠੰਢੇ ਰਹਿੰਦੇ ਹਨ ਅਤੇ ਇਸ ਲਈ ਇਹ ਸਾਡੀ ਪੁਰਾਣੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਹਨ।

natural farming 4
Pic Credit: PB-SHABD

ਜ਼ਹਿਰ ਮੁਕਤ ਖੇਤੀ: ਸਿਹਤ ਅਤੇ ਆਮਦਨ ਦਾ ਆਧਾਰ

ਨਵਰੂਪ ਸਿੰਘ ਖੇਤਾਂ ਵਿੱਚ ਪੂਰੀ ਤਰ੍ਹਾਂ ਜੈਵਿਕ ਖੇਤੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਬਹੁਤ ਜ਼ਿਆਦਾ ਉਪਯੋਗ ਨੇ ਫ਼ਸਲਾਂ ਨੂੰ ਜ਼ਹਿਰੀਲੀਆਂ ਕਰ ਦਿੱਤਾ ਹੈ। ਜ਼ਿਕਰਯੋਗ  ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ‘ਤੇ ਪੈ ਰਿਹਾ ਹੈ। ਉਨ੍ਹਾਂ ਦੇ ਫਾਰਮ ‘ਤੇ ਲੂਣ (ਨਮਕ) ਨੂੰ ਛੱਡ ਕੇ, ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਜਿਵੇਂ ਦਾਲਾਂ, ਅਨਾਜ ਅਤੇ ਮਸਾਲੇ ਖ਼ੁਦ ਉਗਾਈ ਜਾਂਦੀ ਹੈ ਅਤੇ ਸਿੱਧੇ ਗਾਹਕਾਂ ਨੂੰ ਵੇਚੀ ਜਾਂਦੀ ਹੈ।

ਉਹ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਜੇਕਰ ਤੁਹਾਡੇ ਕੋਲ ਜ਼ਮੀਨ ਥੋੜ੍ਹੀ ਹੈ ਅਤੇ ਸ਼ਹਿਰ ਬਹੁਤ ਨੇੜੇ ਹੈ, ਤਾਂ ਉਨ੍ਹਾਂ ਨੂੰ ਮੌਸਮੀ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ। ਰੁੱਤ ਦੀਆਂ ਸਬਜ਼ੀਆਂ ਕੁਦਰਤੀ ਤੌਰ ‘ਤੇ ਨਿਰੋਗ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਦਾਂ ਜਾਂ ਸਪਰੇਅ ਦੀ ਲੋੜ ਨਹੀਂ ਪੈਂਦੀ। ਸ਼ਹਿਰ ਤੋਂ ਦੂਰ ਰਹਿਣ ਵਾਲੇ ਕਿਸਾਨਾਂ ਲਈ ਉਹ ਦਾਲਾਂ ਅਤੇ ਮਸਾਲਿਆਂ ਵਰਗਾ ਸੁੱਕਾ ਸਾਮਾਨ ਤਿਆਰ ਕਰਨ ਦਾ ਸੁਝਾਅ ਦਿੰਦੇ ਹਨ। ਅਜਿਹਾ ਕਰਨ ਨਾਲ ਵਿਚੋਲਿਆਂ ਦੀ ਭੂਮਿਕਾ ਖ਼ਤਮ ਹੁੰਦੀ ਹੈ ਅਤੇ ਕਿਸਾਨ ਦਾ ਮੁਨਾਫ਼ਾ ਵੀ ਵਧਦਾ ਹੈ। 

natural farming
Pic Credit: PB-SHABD

ਪਸ਼ੂ ਪਾਲਣ ਅਤੇ ਖੇਤੀ ਦਾ ਸੁਮੇਲ

ਖੇਤੀ ਦੇ ਨਾਲ-ਨਾਲ ਨਵਰੂਪ ਸਿੰਘ ਨੇ ਡੇਅਰੀ ਫਾਰਮਿੰਗ ਨੂੰ ਵੀ ਕੁਦਰਤੀ ਤਰੀਕੇ ਨਾਲ ਜੋੜਿਆ ਹੈ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਕੋਲ ਕਰੀਬ 50 ਸਾਹੀਵਾਲ ਨਸਲ ਦੀਆਂ ਦੇਸੀ ਗਾਵਾਂ ਹਨ। ਇਹ ਗਾਵਾਂ ਨਾ ਸਿਰਫ਼ ਸ਼ੁੱਧ ਦੁੱਧ ਦਿੰਦੀਆਂ ਹਨ, ਸਗੋਂ ਉਨ੍ਹਾਂ ਦੇ ਗੋਬਰ ਅਤੇ ਮੂਤਰ ਤੋਂ ਤਿਆਰ ‘ਜੈਵਿਕ ਖਾਦ’ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਵਰਤੀ ਜਾਂਦੀ ਹੈ। ਇਸ ਨਾਲ ਬਾਹਰੀ ਖਾਦਾਂ ‘ਤੇ ਨਿਰਭਰਤਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ ਅਤੇ ਨਾਲ ਹੀ ਖੇਤੀ ਦਾ ਖ਼ਰਚਾ ਵੀ ਘਟਿਆ ਹੈ।

natural farming 2
Pic Credit: PB-SHABD

ਵਾਤਾਵਰਣ ਸੰਭਾਲ: ਪੌਦਾ ਲਗਾਉਣ ਦੀ ਮੁਹਿੰਮ

ਨਵਰੂਪ ਸਿੰਘ ਸਿਰਫ਼ ਖੇਤੀ ਤੱਕ ਹੀ ਸੀਮਤ ਨਹੀਂ ਹਨ, ਸਗੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਵੀ ਯਤਨਸ਼ੀਲ ਹਨ। ਉਨ੍ਹਾਂ ਨੇ ਹੁਣ ਤੱਕ 150 ਕਿਸਮਾਂ ਦੇ ਲਗਭਗ 750 ਤੋਂ ਵੱਧ ਰੁੱਖ ਲਗਾਏ ਹਨ, ਜਿਨ੍ਹਾਂ ਵਿੱਚ ਫਲ, ਫੁੱਲਦਾਰ ਅਤੇ ਔਸ਼ਧੀ ਪੌਦੇ ਸ਼ਾਮਲ ਹਨ। ਉਨ੍ਹਾਂ ਦੀ ਜੀਵਨ ਸ਼ੈਲੀ ਨੇ ਪਿੰਡ ਵਾਸੀਆਂ ਨੂੰ ਕੁਦਰਤੀ ਖੇਤੀ ਅਤੇ ਵਾਤਾਵਰਣ ਸੰਭਾਲ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ। 

natural farming 6
Pic Credit: PB-SHABD

ਕਿਸਾਨਾਂ ਲਈ ਸੁਨੇਹਾ: ਘੱਟ ਖ਼ਰਚਾ, ਵੱਧ ਸੁੱਖ

ਨਵਰੂਪ ਸਿੰਘ ਦੇ ਅਨੁਸਾਰ, ਅਸਲੀ ਸੁੱਖ ਸਾਡੀ ਪੁਰਾਣੀ ਜੀਵਨ ਸ਼ੈਲੀ, ਸਖ਼ਤ ਮਿਹਨਤ, ਸ਼ੁੱਧ ਭੋਜਨ ਅਤੇ ਸ਼ੁੱਧ ਉਤਪਾਦਨ ਵਿੱਚ ਹੀ ਹੈ। ਉਹ ਕਿਸਾਨਾਂ ਨੂੰ ਕੁਝ ਮਹੱਤਵਪੂਰਨ ਸੁਝਾਅ ਦਿੰਦੇ ਹਨ:

  • ਖ਼ਰਚੇ ਘਟਾਓ: ਆਪਣੇ ਸਾਧਨ ਵੱਡੇ ਰੱਖਣ ਦੀ ਬਜਾਏ ਛੋਟੇ ਰੱਖੋ ਅਤੇ ਬੇਲੋੜੇ ਖਰਚਿਆਂ ‘ਤੇ ਕੰਟਰੋਲ ਕਰੋ।
  • ਧੀਰਜ ਰੱਖੋ: ਕੁਦਰਤੀ ਖੇਤੀ ਵਿੱਚ ਨਤੀਜੇ ਆਉਣ ਵਿੱਚ ਸਮਾਂ ਲੱਗਦਾ ਹੈ, ਇਸ ਲਈ ਵਿਸ਼ਵਾਸ ਬਣਾਈ ਰੱਖੋ।
  • ਮਾਰਕੀਟਿੰਗ: ਗਾਹਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰੋ। ਜਦੋਂ ਇੱਕ ਵਾਰ ਲੋਕਾਂ ਦਾ ਵਿਸ਼ਵਾਸ ਬਣ ਗਿਆ, ਤਾਂ ‘ਜ਼ੁਬਾਨੀ ਪ੍ਰਚਾ’’ ਸਭ ਤੋਂ ਵੱਡੀ ਮਾਰਕੀਟਿੰਗ ਬਣ ਜਾਂਦਾ ਹੈ।

ਨਵਰੂਪ ਸਿੰਘ ਦਾ ਇਹ ਅਨੋਖਾ ਮਾਡਲ ਸਾਬਤ ਕਰਦਾ ਹੈ ਕਿ ਦ੍ਰਿੜ ਇਰਾਦੇ ਨਾਲ ਖੇਤੀਬਾੜੀ ਨੂੰ ਇੱਕ ਲਾਹੇਵੰਦ ਕਿੱਤਾ ਅਤੇ ਮੁਨਾਫ਼ੇ ਦਾ ਸੌਦਾ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੀ ਕੁਦਰਤੀ ਜੀਵਨ ਸ਼ੈਲੀ ਤੋਂ ਪ੍ਰੇਰਿਤ ਹੋ ਕੇ ਅੱਜ ਆਲੇ-ਦੁਆਲੇ ਦੇ ਕਈ ਪਿੰਡ ਵਾਸੀ ਵੀ ਕੁਦਰਤੀ ਖੇਤੀ ਅਤੇ ਵਾਤਾਵਰਣ ਸੰਭਾਲ ਵੱਲ ਕਦਮ ਵਧਾ ਰਹੇ ਹਨ।

COMMENTS

WORDPRESS: 0