ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਵੱਲੋਂ ਬੱਕਰੀ ਦੀ ਦੇਸੀ ਨਸਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਕਾਨਫਰੰਸ ਦਾ ਆਯੋਜਨ ਕੀਤਾ ਗ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਵੱਲੋਂ ਬੱਕਰੀ ਦੀ ਦੇਸੀ ਨਸਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਮੁੱਖ ਵਿਸ਼ਾ “ਪੰਜਾਬ ਵਿੱਚ ਬੀਟਲ ਬੱਕਰੀ ਨਸਲ ਸੁਧਾਰ ਦਾ ਰੋਡਮੈਪ: ਸੰਭਾਲ ਤੋਂ ਵਪਾਰੀਕਰਨ ਤੱਕ” ਰੱਖਿਆ ਗਿਆ ਸੀ। ਇਸ ਸਮਾਗਮ ਵਿੱਚ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਉਦਯੋਗ ਪ੍ਰਤੀਨਿਧੀਆਂ ਅਤੇ ਅਗਾਂਹਵਧੂ ਬੱਕਰੀ ਪਾਲਕਾਂ ਨੇ ਸ਼ਿਰਕਤ ਕੀਤੀ। ਸਾਰੇ ਹਿੱਸੇਦਾਰਾਂ ਨੇ Beetal Goat Breed ਦੀ ਸੰਭਾਲ, ਨਸਲ ਸੁਧਾਰ ਅਤੇ ਇਸ ਨੂੰ ਵਪਾਰਕ ਪੱਧਰ ‘ਤੇ ਲਾਹੇਵੰਦ ਬਣਾਉਣ ਦੀਆਂ ਰਣਨੀਤੀਆਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ।
ਸਾਂਝੇ ਯਤਨਾਂ ਉੱਤੇ ਜ਼ੋਰ
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜੇ.ਪੀ.ਐੱਸ. ਗਿੱਲ ਇਸ ਸੰਮੇਲਨ ਦੇ ਸਰਪ੍ਰਸਤ ਰਹੇ, ਜਦਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ. ਆਰ.ਐੱਸ. ਗਰੇਵਾਲ ਨੇ ਸੰਮੇਲਨ ਦੀ ਪ੍ਰਧਾਨਗੀ ਕੀਤੀ। ਉਪ-ਕੁਲਪਤੀ ਡਾ. ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨਫਰੰਸ ਖੋਜ ਸੰਸਥਾਵਾਂ, ਸਰਕਾਰੀ ਵਿਭਾਗਾਂ, ਕਿਸਾਨਾਂ ਅਤੇ ਉਦਯੋਗਿਕ ਹਿੱਸੇਦਾਰਾਂ ਵਿਚਕਾਰ ਆਪਸੀ ਤਾਲਮੇਲ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਸਾਂਝੇ ਯਤਨ ਪੰਜਾਬ ਅੰਦਰ Beetal Goat Breed ਦੇ ਜੈਨੇਟਿਕ ਸੁਧਾਰ, ਸੰਭਾਲ ਅਤੇ ਵਪਾਰੀਕਰਨ ਲਈ ਇੱਕ ਕਾਰਗਰ ਨੀਤੀ ਤਿਆਰ ਕਰਨ ਵਿੱਚ ਅਹਿਮ ਸਾਬਤ ਹੋਣਗੇ।
ਵਿਗਿਆਨਕ ਪ੍ਰਜਨਨ ਦੀ ਲੋੜ
ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਗੋਟਸ (CIRG) ਮਖ਼ਦੂਮ ਦੇ ਪ੍ਰਿੰਸੀਪਲ ਕੋਆਰਡੀਨੇਟਰ ਡਾ. ਐੱਮ.ਕੇ. ਸਿੰਘ ਨੇ ਨਸਲ ਸੁਧਾਰ ਵਿੱਚ ਬੱਕਰੀ ਪਾਲਣ ਖੇਤਰ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬੱਕਰੀਆਂ ਦੀ ਉਤਪਾਦਕਤਾ ਵਧਾਉਣ ਲਈ ਵਿਗਿਆਨਕ ਪ੍ਰਜਨਨ ਪ੍ਰਣਾਲੀ ਅਤੇ ਸੀਮਨ ਸੁਰੱਖਿਅਤ ਰੱਖਣ ਦੀਆਂ ਆਧੁਨਿਕ ਤਕਨੀਕਾਂ ਅਪਣਾਉਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ Beetal Goat Breed ਦੀ ਨਸਲ ਸੰਭਾਲ ਦੇ ਨਾਲ-ਨਾਲ ਇਸਦਾ ਵਪਾਰਕ ਪ੍ਰਚਾਰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਇਹ ਪੇਂਡੂ ਖੇਤਰ ਦੀ ਆਰਥਿਕਤਾ ਦਾ ਆਧਾਰ ਬਣ ਸਕਦੀ ਹੈ।
ਤਕਨੀਕੀ ਵਿਚਾਰਾਂ ਅਤੇ ਚੁਣੌਤੀਆਂ
ਕਾਨਫਰੰਸ ਦੇ ਤਕਨੀਕੀ ਸੈਸ਼ਨਾਂ ਦੌਰਾਨ ਮਾਹਿਰਾਂ ਨੇ Beetal ਨਸਲ ਦੀਆਂ ਵਿਸ਼ੇਸ਼ਤਾਵਾਂ, ਮੌਜੂਦਾ ਸਥਿਤੀ ਅਤੇ ਚੁਣੌਤੀਆਂ ‘ਤੇ ਖੁੱਲ੍ਹ ਕੇ ਚਰਚਾ ਕੀਤੀ। GADVASU ਵੱਲੋਂ ਸਟਾਲ-ਫੀਡਿੰਗ ਦੇ ਤਜ਼ਰਬਿਆਂ, ਬਿਮਾਰੀਆਂ ਦੀ ਰੋਕਥਾਮ, ਜੈਵਿਕ ਸੁਰੱਖਿਆ ਅਤੇ ਏਕੀਕ੍ਰਿਤ ਬੱਕਰੀ ਪਾਲਣ ਮਾਡਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ, ਕਿਸਾਨਾਂ ਪੱਧਰ ‘ਤੇ ਬੀਟਲ ਨਸਲ ਦੇ ਸੁਧਾਰ ਲਈ ਢੁਕਵੇਂ ਮਾਪਦੰਡ ਤੈਅ ਕਰਨ, ਮੰਡੀਕਰਨ ਦੀਆਂ ਰਣਨੀਤੀਆਂ ਅਤੇ ਸਰਕਾਰੀ ਨੀਤੀਆਂ ਰਾਹੀਂ ਕਿਸਾਨਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ।
ਪੇਂਡੂ ਰੋਜ਼ਗਾਰ ਦਾ ਸਾਧਨ
ਡਾ. ਆਰ.ਐੱਸ. ਗਰੇਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ, ਕਿਹਾ ਕਿ ਪੰਜਾਬ ਦੇ ਪਸ਼ੂ ਧਨ ਖੇਤਰ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ Beetal Goat Breed ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਸਾਨ-ਪੱਖੀ ਤਕਨੀਕਾਂ ਵਿਕਸਤ ਕਰਨ, ਬੱਕਰੀ ਪਾਲਕਾਂ ਲਈ ਮੰਡੀਕਰਨ ਦੇ ਪੁਖ਼ਤਾ ਪ੍ਰਬੰਧ ਕਰਨ ਅਤੇ ਪੇਂਡੂ ਭਾਈਚਾਰੇ ਵਿੱਚ ਵਿਗਿਆਨਕ ਢੰਗਾਂ ਪ੍ਰਤੀ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬੱਕਰੀ ਪਾਲਣ ਘੱਟ ਲਾਗਤ ਵਿੱਚ ਵੱਧ ਮੁਨਾਫ਼ਾ ਦੇਣ ਵਾਲਾ ਸਹਾਇਕ ਧੰਦਾ ਬਣ ਸਕਦਾ ਹੈ।
ਭਵਿੱਖੀ ਯੋਜਨਾ ਅਤੇ ਸਿਫ਼ਾਰਸ਼ਾਂ
ਸਮਾਪਤੀ ਸੈਸ਼ਨ ਵਿੱਚ ਹਿੱਸੇਦਾਰਾਂ ਅਤੇ ਕਿਸਾਨਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਅਹਿਮ ਸਿਫ਼ਾਰਸ਼ਾਂ ਤਿਆਰ ਕੀਤੀਆਂ ਗਈਆਂ। ਯੂਨੀਵਰਸਿਟੀ ਨੇ ਦੇਸੀ ਪਸ਼ੂ ਧਨ ਸਰੋਤਾਂ ਨੂੰ ਸੁਰੱਖਿਅਤ ਰੱਖਣ ਅਤੇ ਖੋਜਾਂ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਵਚਨਬੱਧਤਾ ਦੁਹਰਾਈ। ਸਹੀ ਨੀਤੀਆਂ ਅਤੇ ਸੁਧਰੀਆਂ ਤਕਨੀਕਾਂ ਨਾਲ Beetal ਨਸਲ ਦੀਆਂ ਬੱਕਰੀਆਂ ਦਾ ਪਾਲਣ-ਪੋਸ਼ਣ ਪੰਜਾਬ ਦੇ ਪੇਂਡੂ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਇੱਕ ਮਜ਼ਬੂਤ ਆਧਾਰ ਸਾਬਤ ਹੋਵੇਗਾ।
COMMENTS