ਪੰਜਾਬ ਸਰਕਾਰ ਨੇ ਸੂਬੇ ਵਿੱਚ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਇੱਕ ਨਵੀਂ ਪਹਿਲਕਦਮੀ ਕੀਤੀ ਹੈ। ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹ
ਪੰਜਾਬ ਸਰਕਾਰ ਨੇ ਸੂਬੇ ਵਿੱਚ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਇੱਕ ਨਵੀਂ ਪਹਿਲਕਦਮੀ ਕੀਤੀ ਹੈ। ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਹੁਣ ਬਾਂਸ (Bamboo) ਦੀ ਖੇਤੀ ਨੂੰ ਇੱਕ ਵਪਾਰਕ ਬਦਲ ਵਜੋਂ ਵਿਕਸਤ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ, ਕੇਂਦਰ ਸਰਕਾਰ ਨੇ ‘ਨੈਸ਼ਨਲ ਬੈਂਬੂ ਮਿਸ਼ਨ’ (NBM) ਦੇ ਅਧੀਨ ਸਾਲ 2026-27 ਲਈ ਪੰਜਾਬ ਨੂੰ 2.49 ਕਰੋੜ ਰੁਪਏ ਦੇ ਫੰਡ ਮਨਜ਼ੂਰ ਕੀਤੇ ਹਨ।
ਫੰਡਿੰਗ ਅਤੇ ਸਰਕਾਰੀ ਪਾਇਲਟ ਪ੍ਰੋਜੈਕਟ
ਇਹ ਪ੍ਰੋਜੈਕਟ ਕੇਂਦਰ ਅਤੇ ਰਾਜ ਸਰਕਾਰ ਵਿਚਕਾਰ 60:40 ਦੇ ਵਿੱਤੀ ਹਿੱਸੇਦਾਰੀ ਮਾਡਲ ‘ਤੇ ਆਧਾਰਿਤ ਹੈ। ਕੇਂਦਰ ਸਰਕਾਰ ਵੱਲੋਂ 1.49 ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗੇ, ਜਦੋਂ ਕਿ ਪੰਜਾਬ ਸਰਕਾਰ 99.94 ਲੱਖ ਰੁਪਏ ਦਾ ਯੋਗਦਾਨ ਪਾਵੇਗੀ। ਖੇਤੀਬਾੜੀ ਵਿਭਾਗ ਦੇ ਰੋਡਮੈਪ ਅਨੁਸਾਰ ਪਹਿਲੇ ਪੜਾਅ ਵਿੱਚ ਸੂਬੇ ਭਰ ਦੀ 857 ਏਕੜ ਤੋਂ ਵੱਧ ਨਿਰਧਾਰਤ ਜ਼ਮੀਨ ‘ਤੇ ਬਾਂਸ ਦੇ ਸਰਕਾਰੀ ਪ੍ਰਦਰਸ਼ਨੀ ਪਲਾਟ ਲਗਾਏ ਜਾਣਗੇ। ਇਸ ਅਭਿਆਸ ਦਾ ਉਦੇਸ਼ ਪੰਜਾਬ ਦੇ ਖੇਤੀਬਾੜੀ-ਜਲਵਾਯੂ ਹਾਲਾਤ ਅਨੁਸਾਰ Bamboo ਦੀ ਪੈਦਾਵਾਰ ਦੀ ਸਮਰੱਥਾ ਪਰਖਣਾ ਅਤੇ ਕਿਸਾਨਾਂ ਨੂੰ ਇਸ ਦੇ ਲਾਭਾਂ ਤੋਂ ਜਾਣੂ ਕਰਵਾਉਣਾ ਹੈ।
Bamboo ਦੀਆਂ ਉੱਨਤ ਕਿਸਮਾਂ ਦੀ ਚੋਣ
ਸ਼ੁਰੂਆਤੀ ਦੌਰ ਵਿੱਚ ਉਦਯੋਗਿਕ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ Bamboo ਦੀਆਂ ਤਿੰਨ ਪ੍ਰਮੁੱਖ ਕਿਸਮਾਂ ਦੀ ਚੋਣ ਕੀਤੀ ਗਈ ਹੈ: ਬੈਂਬੂਸਾ ਨਿਊਟਨਸ, ਬੈਂਬੂਸਾ ਤੁਲਦਾ ਅਤੇ ਬੈਂਬੂਸਾ ਬਾਲਕੋਆ, ਜਿਨ੍ਹਾਂ ਵਿੱਚੋਂ ਸਾਰੀਆਂ ਕਾਗਜ਼, ਪਲਪ, ਟੈਕਸਟਾਈਲ (ਕੱਪੜਾ ਉਦਯੋਗ) ਅਤੇ ਦਸਤਕਾਰੀ ਵਰਗੇ ਖੇਤਰਾਂ ਵਿੱਚ ਵਿਆਪਕ ਤੌਰ ‘ਤੇ ਵਰਤੀਆਂ ਜਾਂਦੀਆਂ ਹਨ। ਸ਼ੁਰੂ ਵਿੱਚ, ਬੂਟੇ ਹੋਰਨਾਂ ਸੂਬਿਆਂ ਤੋਂ ਮੰਗਵਾਏ ਜਾਣਗੇ ਅਤੇ ਬਾਅਦ ਵਿੱਚ, ਪੰਜਾਬ ਵਿੱਚ ਹੀ ਆਪਣੀਆਂ ਨਰਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਅਗਲੇ ਸੀਜ਼ਨ ਤੋਂ ਬਾਂਸ ਲਗਾਉਣ ਵਾਲੇ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਦੇਣ ਦੀ ਵੀ ਯੋਜਨਾ ਹੈ।
ਵੱਡੀ ਆਮਦਨ ਅਤੇ ਸਥਾਨਕ ਮੰਡੀ ਦੀ ਸੰਭਾਵਨਾ
ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਸੂਬੇ ਵਿੱਚ Bamboo ਦਾ ਇੱਕ ਵੱਡਾ ਕਾਰੋਬਾਰ ਪਹਿਲਾਂ ਹੀ ਮੌਜੂਦ ਹੈ। ਪੰਜਾਬ ਦੇ ਉਦਯੋਗਾਂ ਵਿੱਚ ਹਰ ਸਾਲ ਲਗਭਗ 10,000 ਮੀਟ੍ਰਿਕ ਟਨ ਬਾਂਸ ਬਾਹਰਲੇ ਰਾਜਾਂ ਤੋਂ ਆਯਾਤ ਕੀਤਾ ਜਾਂਦਾ ਹੈ। ਜੇਕਰ ਇਸ ਦਾ ਉਤਪਾਦਨ ਰਾਜ ਦੇ ਅੰਦਰ ਹੀ ਸ਼ੁਰੂ ਹੋ ਜਾਂਦਾ ਹੈ, ਤਾਂ ਕਿਸਾਨਾਂ ਨੂੰ ਸਥਾਨਕ ਪੱਧਰ ‘ਤੇ ਇੱਕ ਸਥਾਈ ਬਾਜ਼ਾਰ ਮਿਲੇਗਾ। Bamboo ਲਗਾਉਣ ਤੋਂ ਬਾਅਦ ਲਗਭਗ ਤੀਜੇ ਸਾਲ ਇਸ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ। ਇੱਕ ਵਾਰ ਚੰਗੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ, ਕਿਸਾਨ ਪ੍ਰਤੀ ਏਕੜ 7 ਤੋਂ 8 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਕਰ ਸਕਦਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਹਰ ਸਾਲ ਮੁੜ ਬੀਜਣ ਦੀ ਲੋੜ ਨਹੀਂ ਪੈਂਦੀ, ਇਹ ਦਹਾਕਿਆਂ ਤੱਕ ਲਗਾਤਾਰ ਉਤਪਾਦਨ ਦਿੰਦਾ ਰਹਿੰਦਾ ਹੈ।
ਪਾਣੀ ਦੀ ਬੱਚਤ ਅਤੇ ਖ਼ਰਾਬ ਜ਼ਮੀਨਾਂ ਦਾ ਹੱਲ
ਪੰਜਾਬ ਇਸ ਸਮੇਂ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਕਾਰਨ ਵੱਡੇ ਸੰਕਟ ਵੱਲ ਵਧ ਰਿਹਾ ਹੈ, ਜਿਸ ਦਾ ਮੁੱਖ ਕਾਰਨ ਝੋਨੇ ਦੀ ਫ਼ਸਲ ਲਈ ਪਾਣੀ ਦੀ ਜ਼ਿਆਦਾ ਖ਼ਪਤ ਹੈ। Bamboo ਇੱਕ ਸਦਾਬਹਾਰ ਪੌਦਾ ਹੈ ਜਿਸ ਨੂੰ ਬਹੁਤ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਬਾਂਸ ਦੀ ਖੇਤੀ ਦਰਿਆ ਦੇ ਕਿਨਾਰਿਆਂ, ਸੇਮਗ੍ਰਸਤ ਖੇਤਰਾਂ ਅਤੇ ਨੀਵੇਂ ਇਲਾਕਿਆਂ ਵਿੱਚ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ, ਜਿੱਥੇ ਆਮ ਫ਼ਸਲਾਂ ਕਾਮਯਾਬ ਨਹੀਂ ਹੁੰਦੀਆਂ। ਇਹ ਜ਼ਮੀਨ ਦੇ ਖੋਰੇ (Soil erosion) ਨੂੰ ਰੋਕਣ ਵਿੱਚ ਵੀ ਵੱਡੀ ਮਦਦ ਕਰਦਾ ਹੈ।
ਸਿਰਫ਼ ਫ਼ਸਲ ਨਹੀਂ, ਪੂਰੀ ਆਰਥਿਕ ਲੜੀ ਦਾ ਨਿਰਮਾਣ
ਖੇਤੀਬਾੜੀ ਵਿਭਾਗ ਦਾ ਮਕਸਦ ਸਿਰਫ਼ ਬੂਟੇ ਲਗਾਉਣਾ ਨਹੀਂ, ਸਗੋਂ ਪੂਰੀ Bamboo ਆਰਥਿਕਤਾ ਬਣਾਉਣਾ ਹੈ। ਇਸ ਯੋਜਨਾ ਦੇ ਤਹਿਤ ਨਰਸਰੀਆਂ ਲਗਾਉਣ ਤੋਂ ਲੈ ਕੇ ਕਟਾਈ, ਪ੍ਰੋਸੈਸਿੰਗ, ਉਤਪਾਦ ਨਿਰਮਾਣ ਅਤੇ ਮਾਰਕੀਟਿੰਗ ਤੱਕ ਦੀ ਪੂਰੀ ਲੜੀ ਵਿਕਸਤ ਕੀਤੀ ਜਾਵੇਗੀ। ਬਾਂਸ ਦੀ ਵਰਤੋਂ ਗੁੱਦੇ, ਕਾਗਜ਼, ਫ਼ਰਨੀਚਰ, ਫ਼ਲੋਰਿੰਗ, ਪੈਨਲ, ਨਿਰਮਾਣ ਸਮੱਗਰੀ, ਵਾੜ (Fencing), ਘਰੇਲੂ ਦਸਤਕਾਰੀ, ਟੋਕਰੀਆਂ, ਪੈਕਜਿੰਗ ਅਤੇ ਰੋਜ਼ਾਨਾ ਜੀਵਨ ਸ਼ੈਲੀ ਦੇ ਵਾਤਾਵਰਣ-ਪੱਖੀ ਉਤਪਾਦ ਬਣਾਉਣ ਵਿੱਚ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ, ਮੰਡੀਕਰਨ ਦੀ ਸਹੂਲਤ ਨਾ ਹੋਣ ਕਾਰਨ ਕਿਸਾਨ ਨਵੀਆਂ ਫ਼ਸਲਾਂ ਵੱਲ ਆਉਣ ਤੋਂ ਝਿਜਕਦੇ ਹਨ। ਇਸ ਲਈ ਬਰਾੜ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ, ਵਿਭਾਗ ਕਿਸਾਨਾਂ ਨੂੰ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਸਿੱਧਾ ਸਹਿਯੋਗ ਪ੍ਰਦਾਨ ਕਰੇਗੀ।
ਨੈਸ਼ਨਲ ਬੈਂਬੂ ਮਿਸ਼ਨ (NBM)
ਨੈਸ਼ਨਲ ਬੈਂਬੂ ਮਿਸ਼ਨ (NBM) ਦੀ ਸ਼ੁਰੂਆਤ ਪਹਿਲੀ ਵਾਰ 2006-07 ਵਿੱਚ ਇੱਕ ਕੇਂਦਰੀ ਸਕੀਮ ਵਜੋਂ ਹੋਈ ਸੀ, ਜਿਸ ਨੂੰ ਬਾਅਦ ਵਿੱਚ ਬਾਗ਼ਬਾਨੀ ਦੇ ਏਕੀਕ੍ਰਿਤ ਵਿਕਾਸ ਮਿਸ਼ਨ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ। ਸਾਲ 2018 ਵਿੱਚ ‘ਇੰਡੀਅਨ ਫ਼ਾਰੈਸਟ ਐਕਟ’ ਵਿੱਚ ਸੋਧ ਕਰਕੇ ਜੰਗਲਾਂ ਤੋਂ ਬਾਹਰ ਉਗਾਏ ਜਾਣ ਵਾਲੇ Bamboo ਨੂੰ ‘ਰੁੱਖ’ ਦੀ ਕਾਨੂੰਨੀ ਪਰਿਭਾਸ਼ਾ ਤੋਂ ਹਟਾ ਦਿੱਤਾ ਗਿਆ, ਜਿਸ ਨਾਲ ਇਸ ਦੀ ਵਪਾਰਕ ਖੇਤੀ ਅਤੇ ਕਟਾਈ ਆਸਾਨ ਹੋ ਗਈ। ਇਸ ਤੋਂ ਬਾਅਦ, ਮਿਸ਼ਨ ਦਾ ਧਿਆਨ ਸਿਰਫ਼ ਬੂਟੇ ਲਗਾਉਣ ਤੋਂ ਹਟਾ ਕੇ ਪੂਰੀ ਵੈਲਿਊ ਚੇਨ ਵਿਕਸਤ ਕਰਨ ‘ਤੇ ਕੇਂਦਰਿਤ ਕੀਤਾ ਗਿਆ। ਦਸੰਬਰ 2025 ਤੱਕ, ਮਿਸ਼ਨ ਨੂੰ ਦੇਸ਼ ਦੇ 23 ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਰਾਜ ਬਾਂਸ ਮਿਸ਼ਨਾਂ/ਰਾਜ ਬਾਂਸ ਵਿਕਾਸ ਏਜੰਸੀਆਂ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਮਾਹਿਰ ਨੇ ਕਿਹਾ ਕਿ ਭਾਵੇਂ 2.49 ਕਰੋੜ ਰੁਪਏ ਦੀ ਰਕਮ ਸ਼ੁਰੂਆਤ ਲਈ ਛੋਟੀ ਜਾਪਦੀ ਹੈ, ਪਰ ਇਸ ਦੀ ਅਸਲ ਮਹੱਤਤਾ ਇੱਕ ਨਵੇਂ ਵਪਾਰਕ ਮਾਡਲ ਦੀ ਨੀਂਹ ਰੱਖਣ ਵਿੱਚ ਹੈ। ਪੰਜਾਬ ਲਈ ਵੱਡੀ ਚੁਣੌਤੀ ਇਸ ਪ੍ਰੋਜੈਕਟ ਨੂੰ ਸਰਕਾਰੀ ਪ੍ਰਦਰਸ਼ਨੀਆਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਨੂੰ ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਕੇ ਅਤੇ ਇਸ ਨੂੰ ਇੱਕ ਮਜ਼ਬੂਤ ਪੇਂਡੂ ਉਦਯੋਗ ਬਣਾਇਆ ਜਾਵੇ।
COMMENTS