ਪੰਜਾਬ ਦੇ ਕਿਸਾਨ ਖੇਤੀਬਾੜੀ ਵਿੱਚ ਨਿੱਤ ਨਵੇਂ ਤਜ਼ਰਬੇ ਕਰ ਰਹੇ ਹਨ ਅਤੇ ਰਵਾਇਤੀ ਤਰੀਕਿਆਂ ਤੋਂ ਹਟ ਕੇ ਨਵੇਂ ਸਹਾਇਕ ਕਿੱਤੇ ਅਪਣਾ ਰਹੇ ਹਨ। ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੇ ਵਸਨੀ
ਪੰਜਾਬ ਦੇ ਕਿਸਾਨ ਖੇਤੀਬਾੜੀ ਵਿੱਚ ਨਿੱਤ ਨਵੇਂ ਤਜ਼ਰਬੇ ਕਰ ਰਹੇ ਹਨ ਅਤੇ ਰਵਾਇਤੀ ਤਰੀਕਿਆਂ ਤੋਂ ਹਟ ਕੇ ਨਵੇਂ ਸਹਾਇਕ ਕਿੱਤੇ ਅਪਣਾ ਰਹੇ ਹਨ। ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੇ ਵਸਨੀਕ ਅੰਗਰੇਜ਼ ਸਿੰਘ ਭੁੱਲਰ ਨੇ ਵੀ ਅਜਿਹੀ ਹੀ ਸੋਚ ਨਾਲ ਰਸਾਇਣਕ ਖੇਤੀ ਛੱਡ ਕੇ ਜੈਵਿਕ ਖੇਤੀ ਵੱਲ ਕਦਮ ਪੁਟਿਆ ਸੀ।
ਉਨ੍ਹਾਂ ਨੇ ਸਾਲ 2006 ਵਿੱਚ ਰਵਾਇਤੀ ਖੇਤੀ ਨੂੰ ਨਕਾਰ ਚੰਗੇ ਸੁਧਾਰ ਲਈ ਜੈਵਿਕ ਖੇਤੀ ਸ਼ੁਰੂ ਕੀਤੀ ਸੀ, ਜਿਸ ਦੇ ਸਮੇਂ ਨਾਲ ਚੰਗੇ ਨਤੀਜੇ ਵੀ ਆਏ ਹਨ। ਉਹ ਕਹਿੰਦੇ ਹਨ ਕਿ ਮਨੁੱਖ ਦੀ ਪਹਿਲੀ ਲੋੜ ਹਵਾ, ਪਾਣੀ ਅਤੇ ਖੁਰਾਕ ਹੈ ਅਤੇ ਅਸੀਂ ਇਸ ’ਤੇ ਹੀ ਕੰਮ ਕਰਦੇ ਹਾਂ। ਉਹ ਜੈਵਿਕ ਖੇਤੀ ਨਾਲ ਮਿੱਟੀ ਨੂੰ ਬਚਾਉਣ ਦੀ ਗੱਲ ਕਰਦੇ ਹਨ।
ਜੈਵਿਕ ਖੇਤੀ ਦੇ ਤਰੀਕੇ ਦੀ ਗੱਲ ਕਰਦਿਆਂ ਅੰਗਰੇਜ਼ ਸਿੰਘ ਕਹਿੰਦੇ ਹਨ ਕਿ ਕੁਦਰਤ ਵੱਲੋਂ ਹਰ ਇਕ ਚੀਜ਼ ਵਿੱਚ ਕੋਈ ਨਾ ਕੋਈ ਗੁਣ ਦਿੱਤਾ ਹੁੰਦਾ ਹੈ। ਇਹੋ ਗੁਣ ਅਖੀਰ ‘ਨਦੀਨਾਸ਼ਕ’ ਸਮੇਂ ਵੀ ਕੰਮ ਆਉਂਦਾ ਹੈ।
ਉਨ੍ਹਾਂ ਕਿਹਾ, “ਬੂਟਾ ਆਪਣੇ ਆਪ ਆਪਣੀ ਸੁਰੱਖਿਆ ਕਰਨ ਵਿੱਚ ਸਮਰੱਥ ਹੁੰਦਾ ਹੈ, ਪਰ ਕਈ ਵਾਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਸਹੀ ਚੀਜ਼ ਦੀ ਵਰਤੋਂ ਨਹੀਂ ਕਰ ਪਾਉਂਦੇ।”
ਕਿਵੇਂ ਆਏ ਜੈਵਿਕ ਖੇਤੀ ਵੱਲ
ਅੰਗਰੇਜ਼ ਸਿੰਘ ਦੱਸਦੇ ਹਨ ਕਿ ਉਹ ਪਹਿਲਾਂ ਰਸਾਇਣਕ ਖੇਤੀ ਹੀ ਕਰਦੇ ਸਨ ਅਤੇ ਉਨ੍ਹਾਂ ਖੇਤੀ ਦੇ ਰੇਅ ਸਪ੍ਰੇਅ ਦੀ ਦੁਕਾਨ ਵੀ ਚਲਾਉਂਦੇ ਸਨ। ਪਰ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਿਹਤ ਲਈ ਘਾਤਕ ਹੈ।
ਉਨ੍ਹਾਂ ਕਿਹਾ, “ਜਦੋਂ ਸਮਝ ਆਈ ਕਿ ਅਸੀਂ ਖੁਦ ਆਪਣੇ ਸਰੀਰ ਅਤੇ ਮਿੱਟੀ ਨੂੰ ਜ਼ਹਿਰ ਦੇ ਰਹੇ ਹਾਂ, ਇਸ ਲਈ ਆਪਣੀ ਸੋਚ ਬਦਲੀ ਅਤੇ ਜੈਵਿਕ ਖੇਤੀ ਵੱਲ ਕਦਮ ਰੱਖਿਆ।”
ਅੰਗਰੇਜ਼ ਸਿੰਘ ਨੇ ਪਹਿਲਾਂ ਘੱਟ ਰਕਬੇ ਤੋਂ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਨਤੀਜੇ ਵਧੀਆ ਮਿਲਣ ਉਪਰੰਤ ਰਕਬਾ ਵਧਾਇਆ। ਪਹਿਲਾਂ ਉਨ੍ਹਾਂ ਨੇ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ।
ਉਨ੍ਹਾਂ ਨਾਲ ਹੀ ਪਸ਼ੁਆਂ ਦੇ ਚਾਰੇ ਲਈ ਵੀ ਜੈਵਿਕ ਤਰੀਕੇ ਨੂੰ ਅਪਣਾਇਆ, ਉਹ ਕਹਿੰਦੇ ਹਨ, “ਜਦੋਂ ਪਸ਼ੂਆਂ ਨੂੰ ਸਾਫ਼ ਤੇ ਜੈਵਿਕ ਚਾਰਾ ਮਿਲਦਾ ਹੈ ਤਾਂ ਉਹ ਵੀ ਸਿਹਤਮੰਦ ਰਹਿੰਦੇ ਹਨ ਜੋ ਅਖੀਰ ਸਾਡੀ ਸਿਹਤ ਲਈ ਵੀ ਲਾਹੇਵੰਦ ਹੈ।”
ਵਰਮੀਕੰਪੋਸਟ ਦੀ ਅਹਿਮਅਤ
ਉਹ ਆਪਣੇ ਫਾਰਮ ਵਿੱਚ ਵਰਮੀਕੰਪੋਸਟ ਭਾਵ ਗੰਡੋਇਆਂ ਦੀ ਖਾਦ ਤਿਆਰ ਕਰਦੇ ਹਨ, ਜਿਸਨੂੰ ਖਰੀਦਣ ਲਈ ਲੋਕ ਉਨ੍ਹਾਂ ਕੋਲ ਪਹੁੰਚ ਕਰਦੇ ਹਨ।
ਇਸ ਦੀ ਮੰਗ ਬਾਰੇ ਉਹ ਕਹਿੰਦੇ ਹਨ ਕਿ ਸਾਡੀ ਖਾਦ ਵਧੇਰੇ ਕਰਕੇ ਘਰ ਤੋਂ ਹੀ ਵਿਕ ਜਾਂਦੀ ਹੈ, ਲੋਕ ਖੁਦ ਹੀ ਖਰੀਦਣ ਲਈ ਪਹੁੰਚ ਜਾਂਦੇ ਹਨ ਹਾਲਾਂਕਿ ਉਹ ਨਾਲ ਹੀ ਕਹਿੰਦੇ ਹਨ ਗੁਣਵੱਤਾ ਸਭ ਤੋਂ ਅਹਿਮ ਹੈ, ਖਰੀਦਦਾਰ ਚੰਗੀ ਚੀਜ਼ ਦੀ ਭਾਲ ਕਰਦਾ ਹੈ ਅਤੇ ਸਹੀਂ ਅਤੇ ਸੁੱਚਜਾ ਸਮਾਨ ਦੀ ਹੀ ਮੰਗ ਹੁੰਦੀ ਹੈ ਇਸ ਲਈ ਗੁਣਵੱਤਾ ਹਰੇਕ ਕੰਮ ਵਿੱਚ ਪਹਿਲ ਦੇ ਅਧਾਰ ’ਤੇ ਹੋਣੀ ਚਾਹੀਦੀ ਹੈ।
ਖੇਤਾਂ ਵਿੱਚ ਗੰਡੋਏ ਇੱਕ ਅਹਿਮ ਪ੍ਰਾਣੀ ਹਨ। ਖੇਤਾਂ ਵਿੱਚ ਕਈ ਕਿਸਮ ਦੇ ਗੰਡੋਏ ਹੁੰਦੇ ਹਨ ਅਤੇ ਖੇਤੀਬਾੜੀ ਵਿੱਚ ਇਹਨਾਂ ਦੀ ਲੋੜ ਬਹੁਤ ਮਹੱਤਵਪੂਰਨ ਹੈ। ਇਸ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਅੰਗਰੇਜ਼ ਸਿੰਘ ਕਹਿੰਦੇ ਹਨ ਕਿ ਗੰਡੋਏ ਖੇਤੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ ਅਤੇ ਪ੍ਰਦੂਸ਼ਣ ਵੀ ਘਟਾਉਂਦੇ ਹਨ।
ਉਹ ਦੱਸਦੇ ਹਨ ਕਿ ਬੂਟੇ ਦੀਆਂ ਜੜ੍ਹਾਂ ਨੂੰ ਉਲੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਅਤੇ ਗੰਡੋਏ ਇਸ ਉਲੀ ਨੂੰ ਖਤਮ ਕਰਦੇ ਹਨ। ਇਹ ਮਿੱਟੀ ਦੇ ਸੰਤੁਲਨ ਨੂੰ ਕਾਇਮ ਰੱਖਦੇ ਹਨ ਅਤੇ ਮਿੱਟੀ ਨੂੰ ਜ਼ਿੰਦਾ ਰੱਖਦੇ ਹਨ।
ਉਨ੍ਹਾਂ ਮਤਾਬਕ ਹਰੇਕ ਖਾਦ ਨਾਲ ਸਾਰੇ ਤੱਤ ਨਹੀਂ ਮਿਲਦੇ ਮਿੱਟੀ ਨੂੰ ਕਈ ਤਰ੍ਹਾਂ ਦੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਪਰ ਇਹ ਵਰਮੀ ਕੰਪੋਸਟ ਦੇ ਨਤੀਜੇ ਬਹੁਤ ਸਕਰਾਤਮਕ ਹਨ ਇਸ ਨਾਲ ਮਿੱਟੀ ਨੂੰ ਹਰ ਤਰ੍ਹਾ ਦੇ ਲੋੜੀਦੇ ਤੱਤ ਮਿਲਦੇ ਹਨ ਜੋ ਮਿੱਟੀ ਨੂੰ ਵਧੇਰੇ ਸਿਹਤਮੰਦ ਬਣਾਉਂਦੇ ਹਨ
ਵਰਮੀ ਕੰਪੋਸਟ ਦੀ ਵਿਧੀ
ਵਰਮੀਕੰਪੋਸਟ ਤਿਆਰ ਕਰਨ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਾਲੀਥੀਨ ਦੀ ਵਰਤੋਂ ਵੀ ਕਈ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ, ਪਰ ਅੰਗਰੇਜ਼ ਸਿੰਘ ਨੇ ਆਪਣੇ ਫਾਰਮ ਵਿੱਚ ਇੱਟਾਂ ਦੇ ਪੱਕੇ ਬੈੱਡ ਬਣਾਏ ਹਨ।
ਇਸ ਦੀ ਖਾਸੀਅਤ ਦੱਸਦਿਆਂ ਉਹ ਕਹਿੰਦੇ ਹਨ ਕਿ ਇਸ ਵਿੱਚ ਨਮੀ ਨੂੰ ਕੰਟਰੋਲ ਕਰਨਾ ਸੌਖਾ ਹੁੰਦਾ ਹੈ ਅਤੇ ਨਾਲ ਹੀ ਇਸ ਵਿੱਚ ਮਿੱਟੀ ਨਹੀਂ ਰਲਦੀ। ਉਨ੍ਹਾਂ ਮੁਤਾਬਕ ਇਹ ਬੈੱਡ ਲੰਬੇ ਸਮੇਂ ਤੱਕ ਵਰਤੋਂ ਵਿੱਚ ਰਹਿੰਦੇ ਹਨ।
ਉਹ ਦੱਸਦੇ ਹਨ ਕਿ ਖਾਦ ਸਮੇਂ ਪਾਣੀ ਦਾ ਰਿਸਾਅ ਖਾਦ ਦੀ ਗੁਣਵੱਤਾ ਨੂੰ ਘਟਾਉਂਦਾ ਹੈ, ਜਿਸਨੂੰ ਆਮ ਤੌਰ ‘ਵਰਮੀ ਵਾਸ਼’ ਕਿਹਾ ਜਾਂਦਾ ਹੈ। ਇਸ ਲਈ ਵੀ ਇੱਟਾਂ ਦੇ ਬੈੱਡ ਫਾਇਦੇਮੰਦ ਰਹਿੰਦੇ ਹਨ ਕਿਉਂਕਿ ਇਸ ਵਿੱਚ ਪਾਣੀ ਦਾ ਰਿਸਾਅ ਨਹੀਂ ਹੁੰਦਾ ਅਤੇ ਖਾਦ ਦੀ ਗੁਣਵੱਤਾ ਬਣੀ ਰਹਿੰਦੀ ਹੈ।
ਕੀ ਮੁਨਾਫਾ
ਇਸ ਕਿੱਤੇ ਵਿੱਚ ਮੁਨਾਫੇ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ਆਮਦਨ ਦਾ ਸਿੱਧਾ ਸਬੰਧ ਗੰਡੋਏ ਦੀ ਗਿਣਤੀ ਨਾਲ ਹੈ। ਵੱਧ ਗੰਡੋਏ ਨਾਲ ਵਧੇਰੇ ਮੁਨਾਫਾ
ਉਨ੍ਹਾਂ ਮੁਤਾਬਕ ਇੱਕ ਬੈੱਡ ਵਿੱਚ 4-5 ਕੁਇੰਟਲ ਗੋਬਰ ਦੀ ਵਰਤੋਂ ਹੁੰਦੀ ਹੈ। ਪਹਿਲਾਂ ਉਸ ਵਿੱਚ ਗੈਸ ਨੂੰ ਖਤਮ ਕਰਨਾ ਹੁੰਦਾ ਹੈ ਅਤੇ 2-3 ਮਹੀਨੇ ਗਲ਼ਣ ਸੜਨ ਲਈ ਛੱਡਣਾ ਪੈਂਦਾ ਹੈ। ਇਸ ਦੇ ਚੰਗੀ ਤਰ੍ਹਾਂ ਸੜਨ ਤੋਂ ਬਾਅਦ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ, ਜਿਸ ਮਗਰੋਂ ਗੰਡੋਏ ਪਾਏ ਜਾਂਦੇ ਹਨ। ਇਸ ਤੋਂ 2.5 ਤੋਂ 3 ਮਹੀਨਿਆਂ ਬਾਅਦ ਖਾਦ ਤਿਆਰ ਹੋ ਜਾਂਦੀ ਹੈ।
ਉਨ੍ਹਾਂ ਅਨੁਸਾਰ ਤਿਆਰ ਖਾਦ ਅਤੇ ਗੰਡੋਏ ਦੋਵੇਂ ਆਮਦਨ ਦਾ ਹਿੱਸਾ ਹਨ। ਇੱਕ ਚੱਕਰ ਪੂਰਾ ਹੋਣ ਮਗਰੋਂ ਲਗਭਗ ਤਿੰਨ ਮਹੀਨਿਆਂ ਵਿੱਚ ਇੱਕ ਬੈੱਡ ਤੋਂ 5 ਤੋਂ 6 ਹਜ਼ਾਰ ਰੁਪਏ ਦੀ ਆਮਦਨ ਹੋ ਜਾਂਦੀ ਹੈ।
ਹੋਰ ਫਸਲਾਂ ਅਤੇ ਪ੍ਰਯੋਗ
ਇਸ ਦੇ ਨਾਲ ਹੀ ਅੰਗਰੇਜ਼ ਸਿੰਘ ਹੋਰ ਫਸਲਾਂ ਦੀ ਖੇਤੀ ਵੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਫਸਲਾਂ ਨਾਲ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਨਵੇਂ ਤਜ਼ਰਬੇ ਵੀ ਕਰਦੇ ਰਹਿੰਦੇ ਹਨ।
ਮਿੱਟੀ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ਕੁਦਰਤ ਵੱਲੋਂ ਕਿਸੇ ਵੀ ਚੀਜ਼ ਵਿੱਚ ਕੋਈ ਘਾਟ ਨਹੀਂ ਰੱਖੀ ਗਈ। ਪਰ ਜਦੋਂ ਅਸੀਂ ਰਸਾਇਣਾਂ ਦੀ ਵਰਤੋਂ ਕਰਦੇ ਹਾਂ, ਤਾਂ ਮਿੱਟੀ ਦਾ ਕੁਦਰਤੀ ਸੰਤੁਲਨ ਵਿਗੜ ਜਾਂਦਾ ਹੈ ਅਤੇ ਤੱਤਾਂ ਦੀ ਘਾਟ ਬਣਨ ਲੱਗਦੀ ਹੈ।
ਉਨ੍ਹਾਂ ਕਿਹਾ, “ਕੁਦਰਤ ਵੱਲੋਂ ਮਿੱਟੀ ਦੀ ਦੇਣ ਮਨੁੱਖ ਦੇ ਰਹਿਣ-ਸਹਿਣ ਅਤੇ ਖੁਰਾਕ ਦੀ ਲੋੜਾਂ ਲਈ ਹੈ। ਇਹ ਵਪਾਰ ਦਾ ਸਾਧਨ ਨਹੀਂ ਹੋ ਸਕਦੀ।”
ਉਨ੍ਹਾਂ ਦਾ ਮੰਨਣਾ ਹੈ ਕਿ ਦਿੱਕਤਾਂ ਉਦੋਂ ਸ਼ੁਰੂ ਹੁੰਦੀਆਂ ਹਨ ਜਦੋਂ ਅਸੀਂ ਖੇਤੀ ਨੂੰ ਸਿਰਫ਼ ਵਪਾਰ ਵਜੋਂ ਦੇਖਣ ਲੱਗਦੇ ਹਾਂ। ਉਹ ਕਹਿੰਦੇ ਹਨ, “ਖੇਤੀ ਕੋਈ ਵਪਾਰ ਦਾ ਮਾਧਿਅਮ ਨਹੀਂ, ਨਾ ਹੀ ਖਰਚਾ ਕਰਕੇ ਮੁਨਾਫਾ ਕਮਾਉਣ ਦਾ ਧੰਦਾ ਹੈ। ਸਭ ਤੋਂ ਜ਼ਰੂਰੀ ਬੰਦੇ ਦੀ ਸਿਹਤ ਹੈ। ਜੇ ਸਿਹਤ ਤੰਦਰੁਸਤ ਹੈ ਤਾਂ ਬੀਮਾਰੀਆਂ ਤੋਂ ਬਚੋਗੇ, ਤੰਦਰੁਸਤ ਰਹੋਗੇ, ਪੈਸਾ ਤਾਂ ਅਖੀਰ ਵਿੱਚ ਬਣ ਹੀ ਜਾਵੇਗਾ।”
COMMENTS